ਗਿਲਗਿਤ-ਬਾਲਤਿਸਤਾਨ : ਇਮਰਾਨ ਤੇ ਪਾਕਿ ਫ਼ੌਜ 'ਤੇ ਵਰ੍ਹੀ ਮਰੀਅਮ ਨਵਾਜ਼

Thursday, Sep 24, 2020 - 10:39 PM (IST)

ਗਿਲਗਿਤ-ਬਾਲਤਿਸਤਾਨ : ਇਮਰਾਨ ਤੇ ਪਾਕਿ ਫ਼ੌਜ 'ਤੇ ਵਰ੍ਹੀ ਮਰੀਅਮ ਨਵਾਜ਼

ਇਸਲਾਮਾਬਾਦ— ਵਿਵਾਦਿਤ ਗਿਲਗਿਤ-ਬਾਲਤਿਸਤਾਨ ਇਲਾਕੇ 'ਚ ਵਿਧਾਨ ਸਭਾ ਚੋਣਾਂ ਕਰਾਉਣ ਦੇ ਫ਼ੈਸਲੇ 'ਤੇ ਫ਼ੌਜੀ ਦਖਲ ਨੂੰ ਲੈ ਕੇ ਇਮਰਾਨ ਸਰਕਾਰ 'ਤੇ ਵਿਰੋਧੀ ਧਿਰਾਂ ਦੇ ਹਮਲੇ ਤੇਜ਼ ਹੋ ਗਏ ਹਨ। ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ. ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਬੁੱਧਵਾਰ ਨੂੰ ਇਮਰਾਨ ਅਤੇ ਪਾਕਿਸਤਾਨ ਦੇ ਫ਼ੌਜ ਮੁਖੀ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆਂ।

ਉਨ੍ਹਾਂ ਕਿਹਾ ਕਿ ਸਿਆਸੀ ਫ਼ੈਸਲੇ ਸੰਸਦ 'ਚ ਹੋਣੇ ਚਾਹੀਦੇ ਹਨ ਨਾ ਕਿ ਫ਼ੌਜੀ ਦਫ਼ਤਰ 'ਚ। 46 ਸਾਲਾ ਮਰੀਅਮ ਨਵਾਜ਼ ਸੰਪਤੀ ਨਾਲ ਜੁੜੇ ਵਿਵਾਦ ਦੇ ਸਿਲਸਿਲੇ 'ਚ ਇਸਲਾਮਾਦ ਅਦਾਲਤ ਪਹੁੰਚੀ ਸੀ, ਜਿੱਥੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਹਾਲ ਹੀ 'ਚ ਫ਼ੌਜ ਦੇ ਮੁੱਖ ਦਫ਼ਤਰ 'ਚ ਹੋਈ ਬੈਠਕ ਬਾਰੇ ਪੁੱਛਿਆ ਸੀ।

ਮਰੀਅਮ ਨਵਾਜ਼ ਨੇ ਕਿਹਾ, ''ਮੈਂ ਬੈਠਕ ਬਾਰੇ ਸੁਣਿਆ ਹੈ, ਜਿੱਥੋਂ ਤੱਕ ਮੈਨੂੰ ਪਤਾ ਹੈ ਗਿਲਗਿਤ-ਬਾਲਤਿਸਤਾਨ 'ਤੇ ਚਰਚਾ ਲਈ ਇਹ ਬੈਠਕ ਬੁਲਾਈ ਗਈ ਸੀ। ਗਿਲਗਿਤ-ਬਾਲਤਿਸਤਾਨ ਇਕ ਸਿਆਸੀ ਮੁੱਦਾ ਹੈ ਅਤੇ ਅਜਿਹੇ ਮੁੱਦੇ ਫ਼ੌਜ ਦੇ ਮੁੱਖ ਦਫ਼ਤਰ 'ਚ ਨਹੀਂ ਸਗੋਂ ਸੰਸਦ 'ਚ ਹੱਲ ਹੁੰਦੇ ਹਨ।''

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਫ਼ੌਜ ਮੁਖੀ ਨੂੰ ਨੇਤਾਵਾਂ ਨੂੰ ਨਹੀਂ ਸੱਦਣਾ ਚਾਹੀਦਾ ਸੀ ਅਤੇ ਨਾ ਹੀ ਨੇਤਾਵਾਂ ਨੂੰ ਉੱਥੇ ਜਾਣਾ ਚਾਹੀਦਾ ਸੀ। ਗੌਰਤਲਬ ਹੈ ਕਿ ਪਾਕਿਸਤਾਨੀ ਮੀਡੀਆ ਮੁਤਾਬਕ, ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਗਿਲਗਿਤ ਨੂੰ ਲੈ ਕੇ ਪਿਛਲੇ ਦਿਨੀਂ ਦੇਸ਼ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਫ਼ੌਜੀ ਦਫ਼ਤਰ ਰਾਵਲਪਿੰਡੀ 'ਚ ਆਯੋਜਿਤ ਦਾਵਤ 'ਚ ਬੁਲਾਇਆ ਸੀ। ਇਸ 'ਚ ਨਵਾਜ਼ ਸ਼ਰੀਫ਼ ਦਾ ਭਰਾ ਸ਼ਾਹਬਾਜ਼ ਸ਼ਰੀਫ਼, ਆਸਿਫ ਅਲੀ ਜਰਦਾਰੀ ਦਾ ਪੁੱਤਰ ਬਿਲਾਵਲ ਭੁੱਟੋ ਜਰਦਾਰੀ ਸਣੇ ਪਾਕਿਸਤਾਨੀ ਸਿਆਸਤ ਦੇ ਕਈ ਉੱਚ ਨੇਤਾ ਸ਼ਾਮਲ ਸਨ। ਇਸ ਦੌਰਾਨ ਆਈ. ਐੱਸ. ਆਈ. ਦੇ ਮੁਖੀ ਵੀ ਮੌਜੂਦ ਸਨ। ਬਾਜਵਾ ਨੇ ਗਿਲਗਿਤ ਨੂੰ ਸੂਬਾ ਬਣਾਏ ਜਾਣ ਦੇ ਮੁੱਦੇ 'ਤੇ ਚਰਚਾ ਕੀਤੀ ਪਰ ਉਸੇ ਦੌਰਾਨ ਉਨ੍ਹਾਂ ਦੀ ਬਿਲਾਵਲ ਭੁੱਟੋ ਅਤੇ ਸ਼ਾਹਬਾਜ਼ ਸ਼ਰੀਫ਼ ਨਾਲ ਬਹਿਸ ਹੋ ਗਈ।


author

Sanjeev

Content Editor

Related News