ਮਰੀਅਮ ਦਾ ਇਮਰਾਨ 'ਤੇ ਹਮਲਾ, ਕਿਹਾ- 'ਲਾਇਕ ਨਹੀਂ ਸੀ ਤਾਂ ਕੁਰਸੀ ਕਿਉਂ ਸਾਂਭੀ'
Friday, Dec 25, 2020 - 02:09 PM (IST)
ਲਾਹੌਰ- ਮਹਿੰਗਾਈ ਦੇ ਮੋਰਚੇ 'ਤੇ ਪੀ. ਐੱਮ. ਇਮਰਾਨ ਖਾਨ ਦੀ ਸਰਕਾਰ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਹੈ। ਇਸ ਵਿਚਕਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਦੀ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖਾਨ ਦੇ ਹੀ ਬਿਆਨ 'ਤੇ ਤੰਜ ਕੱਸਦੇ ਹੋਏ ਹਮਲਾ ਬੋਲਿਆ ਹੈ ਕਿ ਜੇਕਰ ਉਹ ਪੀ. ਐੱਮ. ਬਣਨ ਦੇ ਲਾਇਕ ਹੀ ਨਹੀਂ ਸਨ ਤਾਂ ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਹੀ ਕਿਉਂ ਸੰਭਾਲੀ?
ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ. ਡੀ. ਐੱਮ.) ਵਲੋਂ ਕੱਢੇ ਗਏ ‘ਮਹਿੰਗਾਈ ਮਾਰਚ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਮਰਾਨ ਖਾਨ ਕਹਿੰਦੇ ਸਨ ਕਿ ਉਨ੍ਹਾਂ ਕੋਲ 200 ਸ਼ਾਨਦਾਰ ਵਿਅਕਤੀਆਂ ਦੀ ਟੀਮ ਹੈ। ਉਹ 200 ਵਿਅਕਤੀਆਂ ਦੀ ਟੀਮ ਹੁਣ ਕਿੱਥੇ ਹੈ?
ਮਰੀਅਮ ਨਵਾਜ਼ ਨੇ ਇਮਰਾਨ ਖਾਨ ਦੇ ਬਿਆਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪੀ. ਐੱਮ. ਖਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੇਸ਼ ਦੇ ਬਿਜਲੀ ਸੰਕਟ, ਬਾਹਰੀ ਕਰਜ਼ੇ, ਚਾਲੂ ਖਾਤਾ ਘਾਟਾ ਅਤੇ ਸਰਕਾਰ ਨੂੰ ਕਿਵੇਂ ਚਲਾਉਣਾ ਹੈ, ਬਾਰੇ ਨਹੀਂ ਪਤਾ ਸੀ ਤੇ ਉਹ ਤਿਆਰ ਨਹੀਂ ਸਨ। ਮਰੀਅਮ ਨਵਾਜ਼ ਨੇ ਕਿਹਾ ਕਿ ਇਮਰਾਨ ਨੂੰ ਇਹ ਪਤਾ ਸੀ ਕਿ ਕਣਕ, ਖੰਡ ਤੇ ਐੱਲ. ਐੱਨ. ਜੀ. ਘੁਟਾਲਿਆਂ ਨਾਲ ਲੋਕਾਂ ਦੀਆਂ ਜੇਬਾਂ 'ਤੇ ਕਿਵੇਂ ਡਾਕਾ ਮਾਰਨਾ ਹੈ। ਗੌਰਤਲਬ ਹੈ ਕਿ ਮਰੀਅਮ ਨੇ ਇਮਰਾਨ ਖਾਨ 'ਤੇ ਉਸ ਬਿਆਨ ਮਗਰੋਂ ਹਮਲਾ ਬੋਲਿਆ ਹੈ, ਜਿਸ ਵਿਚ ਇਕ ਦਿਨ ਪਹਿਲਾਂ ਹੀ ਇਮਰਾਨ ਨੇ ਕਿਹਾ ਸੀ ਕਿ ਸਰਕਾਰਾਂ ਨੂੰ ਕਦੇ ਵੀ ਬਿਨਾਂ ਤਿਆਰੀ ਦੇ ਸੱਤਾ ਵਿਚ ਨਹੀਂ ਆਉਣਾ ਚਾਹੀਦਾ। ਰੈਲੀ ਦੌਰਾਨ ਮਰੀਅਮ ਨੇ ਕਿਹਾ ਕਿ ਖੈਬਰ ਦੇ ਹਸਪਤਾਲ ਵਿਚ ਇਕ ਕੋਰੋਨਾ ਮਰੀਜ਼ ਦੀ ਆਕਸੀਜਨ ਸਿਲੰਡਰ ਨਾ ਹੋਣ ਕਾਰਨ ਮੌਤ ਹੋ ਗਈ, ਇਮਰਾਨ ਨੂੰ ਇਸ ਘਾਟ ਬਾਰੇ ਨਹੀਂ ਪਤਾ ਪਰ ਉਹ ਦਵਾਈਆਂ ਦੇ ਮੁੱਲ ਵਧਾਉਣ ਬਾਰੇ ਜ਼ਰੂਰ ਜਾਣਦੇ ਹਨ। ਮਰੀਅਮ ਨਵਾਜ਼ ਨੇ ਕਿਹਾ ਕਿ ਇਮਰਾਨ ਸਰਕਾਰ ਵਲੋਂ ਵਿਰੋਧੀ ਦਲਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।