ਮਾਰੀਓ ਦਰਾਗੀ ਨੇ ਇਟਲੀ ਦੇ PM ਵਜੋ ਸਹੁੰ ਚੁੱਕ ਕੇ ਦੇਸ਼ ਦੀ ਲੜਖੜਾ ਰਹੀ ਆਰਥਿਕਤਾ ਨੂੰ ਦਿੱਤਾ ਹੁਲਾਰਾ

Saturday, Feb 13, 2021 - 06:20 PM (IST)

ਮਾਰੀਓ ਦਰਾਗੀ ਨੇ ਇਟਲੀ ਦੇ PM ਵਜੋ ਸਹੁੰ ਚੁੱਕ ਕੇ ਦੇਸ਼ ਦੀ ਲੜਖੜਾ ਰਹੀ ਆਰਥਿਕਤਾ ਨੂੰ ਦਿੱਤਾ ਹੁਲਾਰਾ

ਰੋਮ, (ਦਲਵੀਰ ਕੈਂਥ)- ਪਿਛਲੇ ਇਕ ਸਾਲ ਤੋਂ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਯੂਰਪ ਦੇ ਦੇਸ਼ ਇਟਲੀ ਜੋ ਕਿ ਕੋਰੋਨਾ ਕਾਲ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਚੁੱਕਾ ਹੈ। ਕੋਰੋਨਾ ਵਾਇਰਸ ਦੌਰਾਨ ਹੀ ਇਸ ਦੇਸ਼ ਨੂੰ ਸਭ ਤੋਂ ਵੱਡੀ ਸੱਟ ਉਦੋਂ ਵੱਜੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੂੰ ਉਨ੍ਹਾਂ ਦੇ ਗੱਠਜੋੜ ਪਾਰਟੀਆਂ  ਦੁਆਰਾ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ । 

ਇਸ ਸਿਆਸੀ ਸੰਕਟ ਨੂੰ ਖਤਮ ਕਰਨ ਲਈ ਇਟਲੀ ਦੇ ਰਾਸ਼ਟਰਪਤੀ ਸੇਰਜਿਓ ਮਾਤੇਰੇਲਾ ਨੇ ਦੇਸ਼ ਦੀ ਲੜਖੜਾਉਂਦੀ ਹਾਲਤ ਦੇ ਮੱਦੇਨਜ਼ਰ ਤੇ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਹੀ ਦੇ ਨਵੇਂ ਪ੍ਰਧਾਨ ਮੰਤਰੀ ਲਈ ਮਾਰੀਓ ਦਰਾਗੀ ਦਾ ਨਾਮ ਅੱਗੇ ਕੀਤਾ ਸੀ ਅਤੇ ਸਰਕਾਰ ਬਣਾਉਣ ਲਈ ਮਾਰੀਓ ਦਰਾਗੀ ਨੇ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ। ਮਾਰੀਓ ਦਰਾਗੀ ਇਟਲੀ ਦੀਆਂ ਉਨ੍ਹਾਂ ਪਾਰਟੀਆਂ ਦਾ ਸਮਰਥਨ ਜੁਟਾਉਣ ਵਿਚ ਵੀ ਕਾਮਯਾਬ ਰਹੇ ਜਿਨ੍ਹਾਂ ਦਾ ਪਿਛਲੀ ਜੁਸੇਪੇ ਕੋਂਤੇ ਸਰਕਾਰ ਨੂੰ ਡੇਗਣ ਵਿਚ ਪੂਰਾ ਯੋਗਦਾਨ ਰਿਹਾ।  

ਕਾਫ਼ੀ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਇਟਲੀ ਵਾਸੀਆਂ ਲਈ ਅੱਜ ਖੁਸ਼ੀ ਦੀ ਖਬਰ ਇਹ ਰਹੀ ਕਿ 73 ਸਾਲਾਂ ਮਾਰੀਓ ਦਰਾਗੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿਚ 23 ਮੰਤਰੀ ਹੋਣਗੇ ਮੰਤਰੀ ਮੰਡਲ ਵਿਚ ਤੀਜਾ ਹਿੱਸਾ ਔਰਤਾਂ ਨੂੰ ਸ਼ਾਮਲ ਕੀਤਾ ਗਿਆ।  ਭਾਵ  8 ਬੀਬੀਆਂ ਅਤੇ 15 ਮਰਦ ਸ਼ਾਮਲ ਹਨ। ਮਾਰੀਓ ਦਰਾਗੀ ਯੂਰਪੀਅਨ ਸੈਂਟਰਲ ਬੈਂਕ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਬੈਂਕ ਆਫ ਇਟਲੀ ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੜ੍ਹਾਈ ਵਿਚ ਰੋਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਪੀ. ਐੱਚ. ਡੀ. ਡਿਗਰੀ ਹਾਸਲ ਕੀਤੀ ਹੋਈ ਹੈ। ਮਾਹਰਾਂ ਅਨੁਸਾਰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕਾਫੀ ਸੁਲਝੇ ਹੋਏ ਇਨਸਾਨ ਹਨ। 

ਦਰਾਗੀ ਉਹ ਸ਼ਖ਼ਸ ਸਨ ਜਿਨ੍ਹਾਂ ਨੇ ਯੂਰਪ ਦੀ ਕਰੰਸੀ ਯੂਰੋ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਟਲੀ ਦੇਸ਼ ਦੀ ਆਰਥਿਕ ਵਿਵਸਥਾ ਨੂੰ ਵੀ ਪਾਰ ਲਗਾਉਣਗੇ ਕਿਉਂਕਿ ਦਰਾਗੀ ਦੀ ਸਿਆਣਪ ਦਾ ਲੋਹਾ ਇਟਲੀ ਦੇ ਸਿਆਸੀ ਮਹਾਰੱਥੀ ਮੰਨਦੇ ਹਨ ਤੇ ਇਹ ਦਰਾਗੀ ਦੀ ਕਾਬਲੀਅਤ ਦਾ ਪ੍ਰਤੱਖ ਸਬੂਤ ਹੀ ਹੈ ਕਿ ਕੌਂਤੇ ਦੀ ਬੇੜੀ ਡੋਬਣ ਵਾਲੇ ਦਰਾਗੀ ਦੀ ਬੇੜੀ ਨੂੰ ਆਪ ਬੰਨ੍ਹੇ ਲਾ ਰਹੇ ਹਨ। ਇਟਲੀ ਵਾਸੀ ਸਰਕਾਰ ਬਣਨ ਨਾਲ ਜਿੱਥੇ ਖੁਸ਼ ਦੇਖੇ ਜਾ ਰਹੇ ਹਨ, ਉੱਥੇ ਚੋਣਾਂ ਹੋਣ ਕਾਰਨ ਜੇਬ ਉਪੱਰ ਪੈਣ ਵਾਲੇ ਬੇਲੋੜੇ ਖਰਚ ਤੋਂ ਵੀ ਬਚਣ ਕਾਰਨ ਕਾਫ਼ੀ ਸਕੂਨ ਮਹਿਸੂਸ ਕਰ ਰਹੇ ਹਨ।
 


author

Lalita Mam

Content Editor

Related News