ਲਾਹੌਰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਖਾਨ ਨੂੰ ਵੱਡੀ ਰਾਹਤ, ਪਾਰਟੀ ਦੇ ਕਈ ਨੇਤਾ ਤੇ ਵਰਕਰ ਰਿਹਾਅ
Sunday, Mar 05, 2023 - 01:40 AM (IST)
ਲਾਹੌਰ (ਭਾਸ਼ਾ) :- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਜ਼ਿਆਦਾਤਰ ਨੇਤਾਵਾਂ ਅਤੇ ਵਰਕਰਾਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਆਗੂਆਂ ਅਤੇ ਕਾਰਕੁਨਾਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅਦਾਲਤ ਦੇ ਹੁਕਮਾਂ ਮਗਰੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਫੈਡਰਲ ਸਰਕਾਰ ਦੀ ਅਸਫਲਤਾ ਦੇ ਖ਼ਿਲਾਫ਼ ਜਨਤਕ ਗ੍ਰਿਫ਼ਤਾਰੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਰਟੀ ਦੇ ‘ਜੇਲ੍ਹ ਭਰੋ ਤਹਿਰੀਕ’ ਲਈ ਪਿਛਲੇ ਮਹੀਨੇ ਪੀਟੀਆਈ ਦੇ 600 ਤੋਂ ਵੱਧ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਅੰਦੋਲਨ "ਮੂਲ ਅਧਿਕਾਰਾਂ ਦੀ ਉਲੰਘਣਾ, ਸੰਵਿਧਾਨ ਦੀ ਦੁਰਵਰਤੋਂ ਅਤੇ ਦੇਸ਼ ਵਿੱਚ ਆਰਥਿਕ ਦੁਰਦਸ਼ਾ" ਦੇ ਵਿਰੁੱਧ ਸੀ।
ਇਹ ਵੀ ਪੜ੍ਹੋ : ਸਰਹੱਦ ਪਾਰ : ਪਾਕਿ ’ਚ ਵਧਦੀ ਮਹਿੰਗਾਈ ਦਾ ਅਸਰ, ਰੀਟ੍ਰੀਟ ਸੈਰੇਮਨੀ ਪ੍ਰਤੀ ਪਾਕਿਸਤਾਨੀ ਜਵਾਨਾਂ ਦੀ ਘਟੀ ਦਿਲਚਸਪੀ
ਪੀਟੀਆਈ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਵਿੱਤ ਮੰਤਰੀ ਅਸਦ ਉਮਰ, ਪੰਜਾਬ ਦੇ ਸਾਬਕਾ ਗਵਰਨਰ ਉਮਰ ਸਰਫਰਾਜ਼ ਚੀਮਾ, ਸੈਨੇਟਰ ਆਜ਼ਮ ਸਵਾਤੀ ਅਤੇ ਵਲੀਦ ਇਕਬਾਲ ਜੇਲ੍ਹ ਤੋਂ ਰਿਹਾਅ ਹੋਏ ਪ੍ਰਮੁੱਖ ਨੇਤਾਵਾਂ 'ਚ ਸ਼ਾਮਲ ਸਨ। ਸ਼ੁੱਕਰਵਾਰ ਨੂੰ ਪੀਟੀਆਈ ਦੀ ਪਟੀਸ਼ਨ 'ਤੇ ਲਾਹੌਰ ਹਾਈਕੋਰਟ ਨੇ ਪਾਰਟੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਗੰਜਿਆਂ ਵਿਚਾਲੇ ਹੁੰਦੀ ਹੈ ਰੱਸਾਕਸ਼ੀ, ਹੱਥ ਨਹੀਂ, ਸਿਰ ਨਾਲ ਖਿੱਚਦੇ ਹਨ ਰੱਸੀ
ਇਮਰਾਨ ਖਾਨ ਨੂੰ ਵੀ ਮਿਲੀ ਸੀ ਅੰਤਰਿਮ ਜ਼ਮਾਨਤ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ, ਜਿਸ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਇਸਲਾਮਾਬਾਦ ਦੀ ਸੈਸ਼ਨ ਕੋਰਟ ਨੇ ਉਨ੍ਹਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਇਸਲਾਮਾਬਾਦ ਦੀ ਸੈਸ਼ਨ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਜ਼ਫਰ ਇਕਬਾਲ, ਜਿਨ੍ਹਾਂ ਨੇ ਇਸ ਮਾਮਲੇ ਦੀ ਪਹਿਲਾਂ ਸੁਣਵਾਈ ਕੀਤੀ ਸੀ, ਨੇ ਫ਼ੈਸਲਾ ਸੁਣਾਉਂਦਿਆਂ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।