ਭਾਰਤ ਦੇ ਗੁਆਂਢੀ ਦੇਸ਼ ਸਣੇ ਕਈ ਦੇਸ਼ਾਂ ਨੇ ਇੰਝ ਬਦਲੇ ਆਪਣੇ ਨਾਂ
Monday, May 28, 2018 - 04:57 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ)- ਦੁਨੀਆ ਸਮੇਂ ਦੇ ਨਾਲ ਬਦਲੀ ਹੈ, ਠੀਕ ਉਸੇ ਤਰ੍ਹਾਂ ਦੁਨੀਆ ਭਰ ਦੇ ਕਈ ਅਜਿਹੇ ਦੇਸ਼ਾਂ ਨੇ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਬਸਤੀਵਾਦੀ ਨਿਯਮਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਕੁਝ ਦੇਸ਼ਾਂ ਨੇ ਆਪਣੀਆਂ ਵਿਵਸਥਾਵਾਂ ਬਦਲੀਆਂ ਤਾਂ ਕੁਝ ਨੇ ਆਪਣੇ ਨਾਂ ਵੀ ਬਦਲ ਲਏ। ਉਦਾਹਰਣ ਵਜੋਂ ਜ਼ਿੰਬਾਬਵੇ ਨੂੰ ਅੰਗਰੇਜ਼ੀ ਸ਼ਾਸਨ ਦੌਰਾਨ ਦੱਖਣੀ ਰੋਡੇਸ਼ੀਆ ਕਿਹਾ ਜਾਂਦਾ ਸੀ। ਉਥੇ ਹੀ ਅੱਜ ਉੱਤਰੀ ਰੋਡੇਸ਼ੀਆ ਜ਼ਾਂਬੀਆ ਹੋ ਗਿਆ ਹੈ। ਇਸ ਤੋਂ ਇਲਾਵਾ ਕਦੇ ਜਾਇਰੇ ਦੇ ਨਾਂ ਨਾਲ ਮਸ਼ਹੂਰ ਦੇਸ਼ ਹੁਣ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਹੋ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਹੋਰ ਦੇਸ਼ ਹਨ, ਜੋ ਅੱਜ ਆਪਣੇ ਨਾਂ ਬਦਲ ਚੁੱਕੇ ਹਨ।
ਸਵਾਜ਼ੀਲੈਂਡ ਬਣਿਆ 'ਦਿ ਕਿੰਗਡਮ ਆਫ ਇਸਵਾਤਿਨੀ'
ਸਵਾਜ਼ੀਲੈਂਡ ਅਫਰੀਕਾ ਦਾ ਇਕ ਅਜਿਹਾ ਦੇਸ਼ ਹੈ, ਜੋ ਹਾਲ ਹੀ ਵਿਚ ਆਪਣੇ ਨਾਂ ਨੂੰ ਬਦਲ ਦੇਣ ਨੂੰ ਲੈ ਕੇ ਚਰਚਾ ਵਿਚ ਰਿਹਾ। ਸਵਾਜ਼ੀਲੈਂਡ ਦੇ ਰਾਜਾ ਮਸਵਾਤੀ-3 ਨੇ ਆਪਣੇ ਦੇਸ਼ ਦਾ ਨਾਂ ਬਦਲ ਕੇ 'ਦਿ ਕਿੰਗਡਮ ਆਫ ਇਸਵਾਤਿਨੀ' ਰੱਖ ਦਿੱਤਾ ਹੈ। ਇਸਵਾਤਿਨੀ ਦਾ ਮਤਲਬ ਹੈ ਸਵਾਜੀਆਂ ਦੀ ਧਰਤੀ। ਅਫਰੀਕਾ ਵਿਚ ਇਹ ਇਕ ਅਜਿਹਾ ਦੇਸ਼ ਹੈ, ਜਿਥੇ ਹੁਣ ਵੀ ਰਾਜਸ਼ਾਹੀ ਵਿਵਸਥਾ ਹੈ। ਇਹ ਦੇਸ਼ ਆਪਣੇ ਰਾਜਿਆਂ ਦੇ ਐਸ਼ੋ-ਆਰਾਮ ਦੀ ਜ਼ਿੰਦਗੀ ਲਈ ਵੀ ਮਸ਼ਹੂਰ ਹੈ। ਰਾਜਾ ਮਸਵਾਤੀ ਦੀਆਂ 15 ਤੀਵੀਆਂ ਹਨ। ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਬਾਇਓਗ੍ਰਾਫੀ ਲਿਖਣ ਵਾਲੇ ਲੋਕਾਂ ਮੁਤਾਬਕ ਉਨ੍ਹਾਂ ਦੇ ਪਿਤਾ ਸੋਭੂਜਾ ਨੇ ਇਸ ਦੇਸ਼ 'ਤੇ 82 ਸਾਲ ਤੱਕ ਸ਼ਾਸਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦੀਆਂ 125 ਤੀਵੀਆਂ ਸਨ। ਬ੍ਰਿਟੇਨ ਤੋਂ ਆਜ਼ਾਦੀ ਮਿਲੇ ਇਸ ਦੇਸ਼ ਨੂੰ ਇਸੇ ਸਾਲ 50 ਸਾਲ ਪੂਰੇ ਹੋਏ ਹਨ। ਇਸ ਮੌਕੇ ਉੱਤੇ ਇਸ ਦੇਸ਼ ਨੇ ਆਪਣੇ ਨਾਂ ਵਿਚ ਬਦਲਾਅ ਦਾ ਜਸ਼ਨ ਮਨਾਇਆ।
ਬਰਮਾ ਬਣਿਆ ਮਿਆਂਮਾਰ
ਮਿਆਂਮਾਰ ਕਦੇ ਬਰਮਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੀ ਰਾਜਧਾਨੀ ਰੰਗੂਨ ਜਾਂ ਯੰਗੂਨ ਸੀ। ਹੁਣ ਇਸ ਦਾ ਨਾਂ ਮਿਆਂਮਾਰ ਹੋ ਚੁੱਕਾ ਹੈ ਤੇ ਰਾਜਧਾਨੀ ਨੈਪੀਤਾਵ ਹੈ। ਫੌਜੀ ਸਰਕਾਰ ਨੇ 1989 ਵਿਚ ਜਦੋਂ ਇਸ ਦੇਸ਼ ਦਾ ਨਾਂ ਮਿਆਂਮਾਰ ਰੱਖਿਆ ਤਾਂ ਜਾਪਾਨ ਅਤੇ ਫਰਾਂਸ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਪਰ ਅਮਰੀਕਾ ਅਤੇ ਬ੍ਰਿਟੇਨ ਲੰਬੇ ਸਮੇਂ ਤੱਕ ਇਸ ਨੂੰ ਨਕਾਰਦੇ ਰਹੇ। ਮਿਆਂਮਾਰ ਵਿਚ ਹੁਣ ਫੌਜੀ ਸਰਕਾਰ ਦਾ ਅੰਤ ਹੋ ਚੁੱਕਾ ਹੈ। ਸੰਸਾਰਕ ਸਮਾਜ ਹੁਣ ਮਿਆਂਮਾਰ ਨੂੰ ਗੰਭੀਰਤਾ ਨਾਲ ਲੈਣ ਲੱਗਾ ਹੈ, ਉਥੇ ਹੀ ਮਿਆਂਮਾਰ ਨਾਂ ਨੂੰ ਹੁਣ ਸੰਸਾਰਕ ਮਨਜ਼ੂਰੀ ਮਿਲ ਚੁੱਕੀ ਹੈ। ਹਾਲ ਹੀ ਵਿਚ ਇਹ ਦੇਸ਼ ਰੋਹਿੰਗੀਆ ਮੁਸਲਮਾਨ ਮੁੱਦੇ ਨੂੰ ਲੈ ਕੇ ਵਿਸ਼ਵ ਵਿਚ ਵਿਵਾਦ ਦਾ ਮੁੱਦਾ ਬਣਿਆ ਰਿਹਾ।
ਟਰਾਂਸਜਾਰਡਨ ਬਣਿਆ ਜਾਰਡਨ
ਜਾਰਡਨ ਬ੍ਰਿਟਿਸ਼ ਸ਼ਾਸਨਕਾਲ ਵਿਚ ਟਰਾਂਸਜਾਰਡਨ ਨਾਂ ਨਾਲ ਜਾਣਿਆ ਜਾਂਦਾ ਸੀ। ਪਹਿਲੀ ਵਿਸ਼ਵ ਜੰਗ ਤੱਕ ਇਕ ਦੇਸ਼ ਦੇ ਰੂਪ ਵਿਚ ਜਾਰਡਨ ਦੀ ਕੋਈ ਹੋਂਦ ਨਹੀਂ ਸੀ। ਲੜਾਈ ਤੋਂ ਬਾਅਦ ਕੁਝ ਸਮੇਂ ਤੱਕ ਬ੍ਰਿਟੇਨ ਅਤੇ ਮਿਤਰ ਰਾਸ਼ਟਰਾਂ ਦਾ ਕਬਜ਼ਾ ਫਲਿਸਤੀਨ ਅਤੇ ਉਸ ਨਾਲ ਜੁੜੇ ਇਲਾਕਿਆਂ ਉੱਤੇ ਰਿਹਾ। ਪਰ ਦੂਜੀ ਵਿਸ਼ਵ ਜੰਗ ਤੋਂ ਬਾਅਦ 1948-49 ਵਿਚ ਜਾਰਡਨ ਦਾ ਗਠਨ ਕੀਤਾ ਗਿਆ ਅਤੇ ਬ੍ਰਿਤਾਨੀ ਫੌਜ ਉਥੋਂ ਨਿਕਲ ਗਈ। 1946 ਵਿਚ ਟਰਾਂਸਜਾਰਡਨ ਨੂੰ ਗੈਰ ਰਸਮੀ ਤਰੀਕੇ ਨਾਲ ਆਜ਼ਾਦੀ ਹਾਸਲ ਹੋਈ ਅਤੇ 1949 ਵਿਚ ਇਸ ਨੇ ਆਪਣਾ ਨਾਂ ਬਦਲ ਕੇ ਦਿ ਹਾਸ਼ੇਮਿਤੇ ਕਿੰਗਡਮ ਆਫ ਜਾਰਡਨ ਕਰ ਲਿਆ। ਦਰਅਸਲ ਜਾਰਡਨ ਉਥੋਂ ਦੀ ਇਕ ਨਦੀ ਦਾ ਨਾਂ ਹੈ ਅਤੇ ਉਸ ਦੀ ਹੋਂਦ ਈਸਾ ਮਸੀਹ ਨਾਲ ਜੁੜੀ ਹੋਈ ਮੰਨੀ ਜਾਂਦੀ ਹੈ।
ਫਾਰਸ ਤੋਂ ਈਰਾਨ ਬਣਨ ਤੱਕ
1935 ਤੱਕ ਇਹ ਦੇਸ਼ ਫਾਰਸ ਜਾਂ ਪਾਰਸ਼ੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਸ ਤੋਂ ਬਾਅਦ ਇਸ ਦੇਸ਼ ਨੇ ਰਸਮੀ ਐਲਾਨ ਦਿੱਤਾ ਕਿ ਇਸ ਨੂੰ ਹੁਣ ਈਰਾਨ ਦੇ ਨਾਂ ਨਾਲ ਜਾਣਿਆ ਜਾਵੇ। 1979 ਵਿਚ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਸ ਦਾ ਰਸਮੀ ਨਾਂ ਇਸਲਾਮਿਕ ਰੀਪਬਲਿਕ ਆਫ ਈਰਾਨ ਰੱਖ ਦਿੱਤਾ ਗਿਆ, ਇਸ ਦੇ ਬਾਵਜੂਦ ਇਹ ਈਰਾਨ ਦੇ ਨਾਂ ਨਾਲ ਪ੍ਰਸਿੱਧ ਹੈ। ਇਸਲਾਮ ਧਰਮ ਹੀ ਈਰਾਨ ਦਾ ਰਾਜਧਰਮ ਹੈ, ਇਥੇ ਸ਼ੀਆ ਮੁਸਲਮਾਨ ਹੀ ਵੱਡੀ ਗਿਣਤੀ ਵਿਚ ਹਨ, ਸ਼ੀਆ ਤੋਂ ਬਾਅਦ ਸੁੰਨੀ ਮੁਸਲਮਾਨ ਸਭ ਤੋਂ ਵੱਧ ਆਬਾਦੀ ਹੈ। ਉਨ੍ਹਾਂ ਤੋਂ ਇਲਾਵਾ ਯਹੂਦੀ, ਈਸਾਈ ਅਤੇ ਬਹਾਈ ਵੀ ਈਰਾਨ ਵਿਚ ਰਹਿੰਦੇ ਹਨ। ਈਰਾਨ ਦੀ ਰਾਜਧਾਨੀ ਦਾ ਨਾਂ ਤੇਹਰਾਨ ਹੈ, ਜਿਸ ਦਾ ਅਰਥ ਹੁੰਦਾ ਹੈ ਗਰਮ ਟੀਲਾ।
ਭਾਰਤ ਦਾ ਗੁਆਂਢੀ ਸ਼੍ਰੀਲੰਕਾ
ਭਾਰਤ ਦੇ ਦੱਖਣ ਵਿਚ ਸਥਿਤ ਸ਼੍ਰੀਲੰਕਾ ਬ੍ਰਿਟਿਸ਼ ਬਸਤੀਵਾਦੀ ਤੋਂ ਆਜ਼ਾਦ ਹੋਣ ਦੇ ਪਹਿਲਾਂ ਤੱਕ ਸੀਲੋਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤੁਹਾਨੂੰ ਯਾਦ ਹੋਵੇ ਕਿ ਇਕ ਦੌਰ ਵਿਚ ਰੇਡੀਓ ਸੀਲੋਨ ਭਾਰਤ ਵਿਚ ਬਹੁਤ ਸੁਣਿਆ ਜਾਂਦਾ ਸੀ, ਜੋ ਭਾਰਤੀ ਫਿਲਮੀ ਗਾਣਿਆਂ ਨੂੰ ਰੇਡੀਓ ਉੱਤੇ ਪ੍ਰਸਾਰਿਤ ਕਰਦਾ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਵਿਚ ਮਨੋਰੰਜਨ ਪ੍ਰਸਾਰਣ ਸੇਵਾ ਸ਼ੁਰੂ ਕੀਤੀ ਗਈ ਸੀ। ਸ਼੍ਰੀਲੰਕਾ ਵਿਚ ਆਜ਼ਾਦੀ ਅੰਦੋਲਨ ਦੌਰਾਨ ਇਸ ਦਾ ਨਾਂ ਸੀਲੋਨ ਤੋਂ ਬਦਲ ਕੇ ਸ਼੍ਰੀਲੰਕਾ ਰੱਖਣ ਦੀ ਮੰਗ ਉਠਣ ਲੱਗੀ। ਸਾਲ 1972 ਵਿਚ ਇਸ ਦੇਸ਼ ਦਾ ਨਾਂ ਦਿ ਰੀਪਬਲੀਕ ਆਫ ਸ਼੍ਰੀਲੰਕਾ ਰੱਖਿਆ ਗਿਆ, ਫਿਰ ਬਦਲ ਕੇ 1978 ਵਿਚ ਡੈਮੋਕ੍ਰੇਟਿਕ ਸੋਸ਼ਲਿਸਟ ਰੀਪਬਲਿਕ ਆਫ ਸ਼੍ਰੀਲੰਕਾ ਕਰ ਦਿੱਤਾ ਗਿਆ। ਹੁਣ ਇਸ ਦੇਸ਼ ਨੂੰ ਸ਼੍ਰੀਲੰਕਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬੇਨਿਨ ਅਤੇ ਇਥੀਓਪੀਆ
ਬਸਤੀਵਾਦੀ ਕਾਲ ਤੋਂ ਪਹਿਲਾਂ ਹੀ ਪੱਛਮੀ ਅਫਰੀਕਾ ਵਿਚ ਦਾਹੋਮੇ ਕਿੰਗਡਮ ਦੀ ਸਥਾਪਨਾ ਹੋਈ ਸੀ। ਉਸ ਸਮੇਂ ਦੇ ਦਾਹੋਮੇ ਕਿੰਗਡਮ ਵਿਚ ਟੋਗੋ ਅਤੇ ਨਾਈਜੀਰੀਆ ਵੀ ਸ਼ਾਮਲ ਹੁੰਦਾ ਸੀ। ਬ੍ਰਿਟਿਸ਼ ਸ਼ਾਸਨ ਤੋਂ ਇਹ 1975 ਵਿਚ ਮੁਕਤ ਹੋਇਆ ਅਤੇ ਆਜ਼ਾਦੀ ਤੋਂ ਬਾਅਦ 15 ਸਾਲ ਬਾਅਦ ਇਸ ਦਾ ਨਾਂ ਬਦਲ ਕੇ ਬੇਨਿਨ ਰੱਖ ਦਿੱਤਾ ਸੀ। ਇਸੇ ਤਰ੍ਹਾਂ ਇਥੀਓਪੀਆ ਦਾ ਨਾਂ ਪਹਿਲਾਂ ਅਬੀਸੀਨੀਆ ਸੀ। ਉੱਤਰੀ-ਪੂਰਬ ਅਫਰੀਕਾ ਵਿਚ ਸਥਿਤ ਅਬੀਨੀਸੀਆ ਦਾ ਨਾਂ ਉਥੋਂ ਦੇ ਹੇਲੇ ਸੇਲਾਸੀ ਨੇ ਬਦਲ ਕੇ ਇਥੀਓਪੀਆ ਰੱਖ ਦਿੱਤਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦੇਸ਼ ਦਾ ਨਾਂ ਹਮੇਸ਼ਾ ਤੋਂ ਇਹੀ ਰਿਹਾ ਹੈ। ਅਬੀਸੀਨੀਆ ਨਾਂ ਨੂੰ ਅਰਬ ਦੇ ਲੋਕਾਂ ਨੇ ਪ੍ਰਚਲਿਤ ਕੀਤਾ ਹੈ। ਇਥੀਓਪੀਆ ਦੀ ਰਾਜਧਾਨੀ ਅਦੀਸ ਅਬਾਬਾ ਹੈ, ਖੇਤਰਫਲ ਦੇ ਹਿਸਾਬ ਨਾਲ ਇਹ ਅਫਰੀਕਾ ਦਾ 10ਵਾਂ ਸਭ ਤੋਂ ਵੱਡਾ ਦੇਸ਼ ਹੈ।
ਬੇਚੂਆਨਾ ਲੈਂਡ ਅਤੇ ਕਾਂਗੋ ਨੇ ਬਦਲੇ ਨਾਂ
ਬ੍ਰਿਟਿਸ਼ ਬਸਤੀਵਾਦੀ ਦੌਰਾਨ ਬੋਤਸਵਾਨਾ ਦਾ ਨਾਂ ਬੇਚੁਆਨਾ ਲੈਂਡ ਸੀ। ਅਫਰੀਕੀ ਟਾਪੂ ਦੇ ਦੱਖਣੀ ਹਿੱਸੇ ਵਿਚ ਸਥਿਤ ਬੋਤਸਵਾਨਾ ਨੂੰ 1885 ਵਿਚ ਬ੍ਰਿਟੇਨ ਨੇ ਬਸਤੀਵਾਦੀ ਅਤੇ 1966 ਵਿਚ ਇਸ ਨੂੰ ਆਜ਼ਾਦੀ ਦੇ ਦਿੱਤੀ। ਆਜ਼ਾਦੀ ਤੋਂ ਬਾਅਦ ਉਥੋਂ ਦੇ ਸਭ ਤੋਂ ਵੱਡੇ ਜਾਤੀ ਸਮੂਹ ਤਵਾਨਾ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਬੋਤਸਵਾਨਾ ਰੱਖ ਦਿੱਤਾ ਗਿਆ। ਇਸ ਦੇ ਨਾਲ ਮੱਧ ਅਫਰੀਕਾ ਵਿਚ ਸਥਿਤ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ 1960 ਵਿਚ ਬ੍ਰਿਟਿਸ਼ ਬਸਤੀਵਾਦੀ ਨਾਲ ਰੀਪਬਲੀਕਨ ਆਫ ਕਾਂਗੋ ਦੇ ਰੂਪ ਵਿਚ ਆਜ਼ਾਦ ਹੋਇਆ। 1965 ਵਿਚ ਇਸ ਦੇਸ਼ ਨੂੰ ਡੈਮੋਕ੍ਰੇਟਿਕ ਰੀਪਬਲੀਕਨ ਆਫ ਕਾਂਗੋ ਨਾਂ ਦੇ ਦਿੱਤਾ ਗਿਆ। 1971 ਵਿਚ ਇਕ ਫਾਰ ਫਿਰ ਇਸ ਨੂੰ ਰੀਪਬਲਿਕ ਆਫ ਜ਼ਾਇਰੇ ਨਾਂ ਦਿੱਤਾ ਗਿਆ, ਪਰ ਫਿਰ ਬਾਅਦ ਵਿਚ ਇਹ ਦੇਸ਼ ਡੈਮੋਕ੍ਰੇਟਿਕ ਰੀਪਬਲਿਕਨ ਆਫ ਕਾਂਗੋ ਨਾਂ ਨਾਲ ਜਾਣਿਆ ਜਾਣ ਲੱਗਾ। ਕਾਂਗੋ ਅਤੇ ਜ਼ਾਇਰੇ ਵਿਚ ਇਕ ਬਰਾਬਰ ਹੈ, ਦੋਵੇਂ ਉੱਥੋਂ ਦੀ ਨਦੀ ਦੇ ਨਾਂ ਹਨ, ਉਥੇ ਹੀ ਖੇਤਰਫਲ ਦੇ ਲਿਹਾਜ਼ ਨਾਲ ਕਾਂਗੋ ਅਫਰੀਕੀ ਟਾਪੂ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ।
ਬੁਰਕੀਨਾ ਫਾਸੋ ਪਹਿਲਾਂ ਅਪਰ ਵੋਲਟਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ
ਹਾਲਾਂਕਿ ਬਾਅਦ ਵਿਚ ਦੇਸ਼ ਦੀਆਂ ਦੋ ਮੁੱਖ ਭਾਸ਼ਾਵਾਂ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਬੁਰਕੀਨਾ ਫਾਸੋ ਰੱਖਿਆ ਗਿਆ। ਉਥੋਂ ਦੀ ਖੇਤਰੀ ਭਾਸ਼ਾ ਮੂਰੇ ਵਿਚ ਬੁਰਕੀਨਾ ਦਾ ਅਰਥ ਈਮਾਨਦਾਰ ਲੋਕ ਹੁੰਦਾ ਹੈ। ਉਥੇ ਹੀ ਟਿਊਲਾ ਵਿਚ ਫਾਸੋ ਦਾ ਅਰਥ ਜਨਮਭੂਮੀ ਹੈ। ਪੱਛਮੀ ਅਫਰੀਕਾ ਵਿਚ ਵਸੇ ਇਸ ਦੇਸ਼ ਨੂੰ ਈਮਾਨਦਾਰ ਲੋਕਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ ਹਨ, ਜਿਨ੍ਹਾਂ ਨੇ ਆਪਣੇ ਵਿਸਥਾਰ ਤੋਂ ਬਾਅਦ ਨਵੇਂ ਨਾਂ ਰੱਖ ਲਏ। ਉਦਹਾਰਣ ਲਈ ਰੂਸ ਦਾ ਨਾਂ ਲਿਆ ਜਾ ਸਕਦਾ ਹੈ। 1917 ਦੀ ਕਮਿਊਨਿਸਟ ਕ੍ਰਾਂਤੀ ਨਾਲ ਬਣੇ 15 ਲੋਕਤੰਤਰਿਕ ਰੀਪਬਲਿਕ ਵਾਲੇ ਸੋਵੀਅਤ ਸੰਘ ਦਾ ਵਿਸਥਾਰ ਹੋਇਆ, ਜਿਸ ਦੇ ਸਿੱਟੇ ਵਜੋਂ ਅੱਜ ਇਹ ਰੂਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।