ਸਾਹਿਤਕ ਸੱਥ ਮੈਲਬੌਰਨ ਵੱਲੋਂ ਸਵਰਗੀ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਅਤੇ ਕਿਤਾਬ ਲੋਕ ਅਰਪਣ
Thursday, Oct 29, 2020 - 11:51 AM (IST)
ਮੈਲਬੌਰਨ, (ਮਨਦੀਪ ਸਿੰਘ ਸੈਣੀ) -ਆਸਟਰੇਲੀਆ ਦੀ ਨਾਮਵਰ ਸਾਹਿਤਕ ਸੱਥ ਮੈਲਬਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਬਰਸੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸਦੀ ਕਿਤਾਬ ਅੱਧਵਾਟੇ ਸਫ਼ਰ ਦੀ ਸਿਰਜਣਾ ਨੂੰ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੱਥ ਦੇ ਜਨਰਲ ਸਕੱਤਰ ਬਿੱਕਰ ਬਾਈ ਨੇ ਮਨਮੀਤ ਦੀ ਜ਼ਿੰਦਗੀ ਬਾਰੇ ਬੋਲਿਆ ਅਤੇ ਇੱਕ ਗੀਤ ਦੇ ਰੂਪ ਵਿੱਚ ਸ਼ਰਧਾਂਜਲੀ ਭੇਟ ਕੀਤੀ।
ਉਸਤੋਂ ਬਾਅਦ ਸੱਥ ਦੇ ਸੀਨੀਅਰ ਮੈਂਬਰ ਸਾਹਿਬਾਨ ਸੂਬੇਦਾਰ ਜਸਵੰਤ ਸਿੰਘ , ਸੁਖਵਿੰਦਰ ਸਿੰਘ ਭੁੱਲਰ , ਕਰਮਜੀਤ ਸਿੰਘ ਪੁਆਰ ਅਤੇ ਦਰਸ਼ਨ ਸਿੰਘ ਹੋਣਾ ਨੇ ਵੀ ਵਾਰੋ ਵਾਰ ਬੋਲ ਕੇ ਮਨਮੀਤ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਮਨਮੀਤ ਦੀ ਗੱਲ ਕਰਦਿਆਂ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ ਅਤੇ ਲੱਗਭੱਗ ਸਾਰਿਆਂ ਦੀਆਂ ਹੀ ਅੱਖਾਂ ਨਮ ਹੋ ਗਈਆਂ।
ਤਕਰੀਬਨ ਇੱਕ ਘੰਟਾ ਚੱਲੇ ਇਸ ਪ੍ਰੋਗਰਾਮ ਵਿੱਚ ਮਨਮੀਤ ਦੀ ਕਿਤਾਬ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਡਾ ਸੁਮੀਤ ਸ਼ੰਮੀ ਅਤੇ ਸੱਤਪਾਲ ਭੀਖੀ ਜੀ ਜਿੰਨ੍ਹਾ ਨੇ ਇਸ ਕਿਤਾਬ ਦੀ ਸੰਪਾਦਨਾ ਕੀਤੀ ਹੈ, ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਸੂਬੇਦਾਰ, ਕਰਮਜੀਤ ਸਿੰਘ ਪੁਆਰ, ਸੁਖਵਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ ਦਿਉਲ, ਮਨਜਿੰਦਰ ਸਿੰਘ ਗੁਰਸੇਵ ਸਿੰਘ ਲੋਚਮ ਅਤੇ ਹਰਮਨ ਗਿੱਲ ਹਾਜ਼ਰ ਸਨ।