ਆਸਟ੍ਰੇਲੀਆ 'ਚ ਹਾਦਸੇ ਦਾ ਸ਼ਿਕਾਰ ਹੋਇਆ 'ਮਨਜੋਤ ਸਿੰਘ' ਇਲਾਜ ਲਈ ਪੰਜਾਬ ਪਰਤਣ ਨੂੰ ਮਜਬੂਰ

Friday, Jul 30, 2021 - 05:24 PM (IST)

ਆਸਟ੍ਰੇਲੀਆ 'ਚ ਹਾਦਸੇ ਦਾ ਸ਼ਿਕਾਰ ਹੋਇਆ 'ਮਨਜੋਤ ਸਿੰਘ' ਇਲਾਜ ਲਈ ਪੰਜਾਬ ਪਰਤਣ ਨੂੰ ਮਜਬੂਰ

ਐਡੀਲੇਡ (ਕਰਨ ਬਰਾੜ): ਐਡੀਲੇਡ ਦੇ ਸਵਿਮਿੰਗ ਪੂਲ ਵਿਚ ਵਾਪਰੇ ਹਾਦਸੇ ਮਗਰੋਂ ਗੰਭੀਰ ਤੌਰ 'ਤੇ ਜ਼ਖ਼ਮੀ ਹੋਇਆ 20 ਸਾਲਾ ਪੰਜਾਬੀ ਨੌਜਵਾਨ ਵਿਦਿਆਰਥੀ ਮਨਜੋਤ ਸਿੰਘ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ। ਉਹ ਸਵਿਮਿੰਗ ਪੂਲ ਵਿੱਚ ਵੱਜੀ ਸੱਟ ਕਰਨ ਅਧਰੰਗ ਨਾਲ ਪੀੜਤ ਹੋ ਜਾਣ ਕਾਰਨ ਹੁਣ ਅਗਲੇ ਇਲਾਜ ਲਈ ਪੰਜਾਬ ਪਰਤੇਗਾ।ਜ਼ਿਕਰਯੋਗ ਹੈ ਮਨਜੋਤ ਸਿੰਘ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਆਸਟ੍ਰੇਲੀਆ ਸੁਨਹਿਰੇ ਭਵਿੱਖ ਅਤੇ ਉੱਚ ਵਿਦਿਆ ਪ੍ਰਾਪਤ ਕਰਨ ਦੇ ਸੁਪਨੇ ਨੂੰ ਲੈ ਕੇ ਆਇਆ ਸੀ ਅਤੇ ਮੰਦਭਾਗੀ ਵਾਪਰੀ ਘਟਨਾ ਵਿਚ ਸੱਤ ਮਹੀਨੇ ਪਹਿਲਾਂ ਐਡੀਲੇਡ ਦੇ ਸਵਿਮਿੰਗ ਪੂਲ ਵਿੱਚ ਵਾਪਰੇ ਹਾਦਸੇ ਵਿਚ ਮਨਜੋਤ ਦੀ ਰੀੜ੍ਹ ਦੀ ਹੱਡੀ ਅਤੇ ਗਰਦਨ ਦੇ ਕਾਲਰਬੋਨ ਦੇ ਮਲਟੀਪਲ ਫ੍ਰੈਕਚਰ ਹੋ ਗਏ ਸਨ। ਜਿਸਦੇ ਬਾਅਦ, ਉਸਦੇ ਸਰੀਰ ਦਾ ਹੇਠਲਾ ਹਿੱਸਾ ਅਧਰੰਗ ਦਾ ਸ਼ਿਕਾਰ ਹੋ ਗਿਆ। ਇਸ ਦੀ ਰਿਕਵਰੀ ਬਹੁਤ ਹੌਲੀ ਹੋਵੇਗੀ ਤੇ ਨਤੀਜੇ ਵਜੋਂ ਉਹ ਸਧਾਰਣ ਜ਼ਿੰਦਗੀ ਨਹੀਂ ਜੀ ਸਕਦਾ। 

ਮਨਜੋਤ ਹੁਣ ਪਿਛਲੇ ਸੱਤ ਮਹੀਨਿਆਂ ਤੋਂ ਐਡੀਲੇਡ ਦੇ ਹੈਮਪਸਟਡ ਰੀਹੈਬ ਸੈਂਟਰ ਵਿਖੇ ਦਾਖਲ ਹੈ। ਪੰਜ ਮਹੀਨੇ ਪਹਿਲਾਂ ਉਸ ਦਾ ਪਿਤਾ ਮਨਜੋਤ ਦੀ ਦੇਖਭਾਲ ਲਈ ਇੱਥੇ ਆਇਆ ਹੋਇਆ ਹੈ। ਡਾਕਟਰ ਅਤੇ ਸਰਜਨ ਉਸ ਨੂੰ ਹੋਰ ਡਾਕਟਰੀ ਇਲਾਜ ਮੁਹੱਈਆ ਕਰਾਉਣ ਦੇ ਅਯੋਗ ਹਨ ਤੇ ਉਸ ਦੇ ਪਰਿਵਾਰ ਨੂੰ ਆਪ ਹੀ ਮਨਜੋਤ ਦੀ ਦੇਖਭਾਲ ਦਾ ਅਗਲੇਰਾ ਪ੍ਰਬੰਧ ਕਰਨ ਲਈ ਕਿਹਾ ਗਿਆ| ਕਿਉਂਕਿ ਮਨਜੋਤ ਇਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਅਤੇ ਹੁਣ ਮੈਡੀਕਲ ਇੰਨਸ਼ੋਂਰਸ ਵੀ ਹੋਰ ਕਵਰ ਨਹੀਂ ਕਰੇਗੀ। ਉਨ੍ਹਾਂ ਦੇ ਪਿਤਾ ਦੀ ਲੁਧਿਆਣਾ ਵਿਚ ਛੋਟੀ ਜਿਹੀ ਵਰਕਸ਼ਾਪ ਹੈ ਜੋ ਮਨਜੋਤ ਸਿੰਘ ਦੇ ਡਾਕਟਰੀ ਇਲਾਜ ਲਈ ਖਰਚਾ ਚੁੱਕਣ ਦੇ ਸਮਰੱਥ ਨਹੀਂ ਹੈ। ਆਸਟ੍ਰੇਲੀਆ ਵਿਚ ਰਹਿਣ, ਜ਼ਰੂਰੀ ਖਰਚਿਆ ਦਾ ਪਰਿਵਾਰ ਲਈ ਭੁਗਤਾਨ ਕਰਨਾ ਬਹੁਤ ਮੁਸ਼ਕਲ ਹੈ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ ਨੇ ਭਾਰਤ ਸਮੇਤ 9 ਹੋਰ ਦੇਸ਼ਾਂ ਲਈ ਵਧਾਈ ਯਾਤਰਾ ਪਾਬੰਦੀ

ਉਸ ਦੇ ਪਿਤਾ ਨੇ ਦੱਸਿਆ ਕਿ ਮਨਜੋਤ ਨੂੰ ਇਲਾਜ ਲਈ ਭਾਰਤ ਵਾਪਸ ਲੈ ਜਾਣ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿੱਚ ਉਸ ਦੇ ਇਲਾਜ ਲਈ ਘੱਟੋ ਘੱਟ 4 ਲੱਖ ਰੁਪਏ ਮਹੀਨਾ ਖਰਚਾ ਆਉਣ ਦੀ ਸੰਭਾਵਨਾ ਹੈ। ਲੰਬੇ ਸਮੇਂ ਦੇ ਇਲਾਜ ਦੀ ਯੋਜਨਾ ਵਿਚ 1 ਸਾਲ ਦਾ ਸਮਾਂ ਲੱਗ ਸਕਦਾ ਹੈ| ਪਰਿਵਾਰ ਉਸ ਦੇ ਡਾਕਟਰੀ ਖਰਚਿਆਂ ਦਾ ਭੁਗਤਾਨ ਕਰਨ ਦੇ ਸਮਰੱਥ ਨਹੀਂ ਹੈ। ਇਸ ਤੋਂ ਇਲਾਵਾ ਮਨਜੋਤ ਦੀ ਉਡਾਣ ਦੀਆਂ ਹਦਾਇਤਾਂ ਅਨੁਸਾਰ ਮਨਜੋਤ ਨੂੰ ਬਿਜ਼ਨੈਸ ਕਲਾਸ ਵਿਚ ਲੈਜਾਣਾ, ਵ੍ਹੀਲਚੇਅਰ, ਫਿਜ਼ੀਓਥੈਰੇਪਿਸਟ ਅਤੇ ਓਕੁਪੇਸ਼ਨਲ ਥੈਰੇਪਿਸਟ ਦੇ ਅਨੁਸਾਰ, ਮਨਜੋਤ ਨੂੰ ਰੋਜ਼ਾਨਾ ਜੀਵਣ ਦੀਆਂ ਕਿਰਿਆਵਾਂ ਲਈ ਘਰ ਵਿਚ ਕੁਝ ਤਬਦੀਲੀਆਂ, ਆਵਾਜਾਈ ਲਈ ਵਾਹਨ, ਇਲੈਕਟ੍ਰਿਕ ਬੈੱਡ, ਪਾਵਰ ਵ੍ਹੀਲ ਕੁਰਸੀ ਆਦਿ ਲੋੜੀਂਦੇ ਹਨ ਜੋ ਕਿ ਬਹੁਤ ਮਹਿੰਗੇ ਹਨ। ਉਨ੍ਹਾਂ ਨੇ ਵਿੱਤੀ ਤੌਰ 'ਤੇ ਸਮਰੱਥ ਨਾ ਹੋਣ ਕਰਕੇ ਫੇਸਬੁੱਕ 'ਤੇ ਸੁਨੇਹਾ ਦਿੰਦੇ ਹੋਏ ਭਾਈਚਾਰੇ ਤੇ ਸੰਸਥਾਵਾਂ ਨੂੰ ਮਨਜੋਤ ਸਿੰਘ ਦੇ ਇਲਾਜ ਵਿਚ ਮਦਦ ਕਰਨ ਲਈ ਅਪੀਲ ਕੀਤੀ ਹੈ ਤਾਂ ਕਿ ਉਸ ਦਾ ਸਹੀ ਇਲਾਜ ਹੋਵੇ ਤੇ ਉਸ ਦੇ ਠੀਕ ਹੋਣ ਦੀ ਆਸ ਕੀਤੀ ਜਾ ਸਕੇ।ਉਸ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਨਾਲ ਵਾਪਰੀ ਇਸ ਮੰਦਭਾਗੀ ਘਟਨਾ ਨਾਲ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਪ੍ਰਮਾਤਮਾ ਦੀ ਮਿਹਰ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਹੀ ਉਸ ਨੂੰ ਨਵਾਂ ਜੀਵਨ ਮਿਲ ਸਕਣਾ ਸੰਭਵ ਹੋ ਸਕੇਗਾ।


author

Vandana

Content Editor

Related News