ਸੋਹੀ ਪਰਿਵਾਰ ਦੀ ਮਨਜੋਤ ਕੌਰ ਨੇ ਕਰਾਈ ਬੱਲੇ ਬੱਲੇ, ਸਿਟੀ ਯੂਨੀਵਰਸਿਟੀ ਆਫ਼ ਲੰਡਨ ਤੋਂ ਹਾਸਲ ਕੀਤੀ ਡਿਗਰੀ
Friday, Jul 26, 2024 - 03:08 PM (IST)
ਰੋਮ (ਕੈਂਥ): ਇਨੀ ਦਿਨੀ ਪੰਜਾਬ ਦੀਆਂ ਧੀਆਂ ਦੀ ਪਰਦੇਸਾਂ ਵਿੱਚ ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਦੀ ਕਹਾਣੀ ਹਰ ਕਿਸੇ ਦੀ ਜੁਬਾਨ 'ਤੇ ਹੈ। ਚਾਹੇ ਉਹ ਇਟਲੀ ਹੋਵੇ ਜਾਂ ਯੂਰਪ ਜਾਂ ਇੰਗਲੈਂਡ ਹਰ ਪਾਸੇ ਪੰਜਾਬ ਦੀਆਂ ਧੀਆਂ ਵਿਦਿਅਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। 2003 ਵਿੱਚ ਇਟਲੀ ਆਏ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਨਜੋਤ ਕੌਰ ਸੋਹੀ ਨੇ ਮੋਦੇਨਾ ਦੇ ਮਾਰਕੌਨੀ ਸਕੂਲ ਤੋਂ ਲੀਚੇਓ ਸੈਂਤੀਫੀਕੋ ਦੀ ਪੜ੍ਹਾਈ ਵਧੀਆ ਨੰਬਰਾਂ ਵਿੱਚ ਕੀਤੀ। ਭਾਵੇਂ ਕਿ ਇਟਲੀ ਵਿੱਚ ਆ ਕੇ ਇੱਥੋਂ ਦੀ ਬੋਲੀ ਸਿੱਖਣਾ ਅਤੇ ਵਧੀਆ ਪੜ੍ਹਾਈ ਕਰਨਾ ਇੱਕ ਆਮ ਗੱਲ ਨਹੀਂ ਹੈ ਪਰ ਪਰਿਵਾਰ ਦੀ ਹੱਲਾਸ਼ੇਰੀ ਅਤੇ ਪੰਜਾਬ ਵਿਚਲੀ ਪਰਵਰਿਸ਼ ਬੱਚਿਆਂ ਲਈ ਇੱਕ ਸਕਾਰਾਤਮਕ ਮਾਹੌਲ ਪੈਦਾ ਕਰਦੀ ਹੈ। ਇਸੇ ਲਈ ਹੀ ਬੱਚੇ ਪੜ੍ਹਾਈ ਵਿੱਚ ਨਾਮਣਾ ਖੱਟ ਰਹੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਸੰਬੰਧ ਪੰਜਾਬ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਕਕਰਾਲੀ ਨਾਲ ਹੈ। ਸਾਲ 2020 ਵਿੱਚ ਸੋਹੀ ਪਰਿਵਾਰ ਇਟਲੀ ਤੋਂ ਇੰਗਲੈਂਡ ਜਾ ਵਸਿਆ ਸੀ। ਜਿੱਥੇ ਉਨ੍ਹਾਂ ਦੀ ਬੇਟੀ ਨੇ ਬਹੁਤ ਹੀ ਸਖਤ ਮਿਹਨਤ ਕਰਦੇ ਹੋਏ ਬੀਤੇ ਦਿਨੀ ਬਰੇਸ ਬਿਜ਼ਨਸ ਸਕੂਲ ਸਿਟੀ ਯੂਨੀਵਰਸਿਟੀ ਆਫ ਲੰਡਨ ਤੋਂ ਬੀ ਐਸ ਸੀ ਬਿਜਨਸ ਮੈਨੇਜਮੈਂਟ ਬੈਚਲਰ ਆਫ ਸਾਇੰਸ ਔਨਰਜ ਦੀ ਡਿਗਰੀ ਪ੍ਰਾਪਤ ਕੀਤੀ। ਜਿੱਥੇ ਉਹ ਆਪਣੀ ਬੇਟੀ ਦੀ ਇਸ ਉਪਲਬਧੀ 'ਤੇ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, 2 ਭਾਰਤੀ ਫੌਜੀ ਟੀਮਾਂ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ 'ਤਿਰੰਗਾ'
ਮਨਜੋਤ ਕੌਰ ਸੋਹੀ ਦੇ ਦਾਦਾ ਜੀ ਅਜਮੇਰ ਸਿੰਘ ਵੀ ਆਪਣੀ ਪੋਤਰੀ ਦੀ ਇਸ ਉਪਲਬਧੀ ਅਤੇ ਗ੍ਰੈਜੂਏਸ਼ਨ ਸੈਰੇਮਨੀ ਵਿੱਚ ਸ਼ਾਮਿਲ ਹੋਣ ਲਈ ਇੰਗਲੈਂਡ ਪਹੁੰਚ ਰਹੇ ਸਨ, ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਸੈਰੇਮਨੀ ਤੋਂ ਕੁਝ ਦਿਨ ਪਹਿਲਾਂ ਅਚਾਨਕ ਹੀ ਉਨ੍ਹਾਂ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਨੂੰ ਬਹੁਤ ਡੂੰਘਾ ਸਦਮਾ ਲੱਗਾ ਹੈ। ਜ਼ਿਕਰਯੋਗ ਹੈ ਕਿ ਅਜਮੇਰ ਸਿੰਘ ਦਾ ਆਪਣੀ ਪੋਤਰੀ 'ਤੇ ਬਹੁਤ ਪ੍ਰਭਾਵ ਸੀ ਅਤੇ ਉਹ ਇਹ ਡਿਗਰੀ ਹਾਸਲ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਸੀ। ਮਨਜੋਤ ਕੌਰ ਸੋਹੀ ਨੇ ਦੱਸਿਆ ਕਿ ਜਿਹੜੇ ਬੱਚੇ ਇਟਲੀ ਜਾਂ ਇੰਗਲੈਂਡ ਵਿੱਚ ਉਨ੍ਹਾਂ ਵਾਂਗ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਨੂੰ ਸਕਾਰਾਤਮਕ ਰਹਿਣ ਦੀ ਲੋੜ ਹੈ ਅਤੇ ਆਪਣੇ ਪਰਿਵਾਰ ਦੇ ਸਾਥ ਅਤੇ ਅਸ਼ੀਰਵਾਦ ਨਾਲ ਉਹ ਹਰ ਖੇਤਰ ਵਿੱਚ ਕਾਮਯਾਬ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।