ਆਸਟ੍ਰੇਲੀਆ ''ਚ ਪੰਜਾਬੀਆਂ ਲਈ ਮਸੀਹਾ ਬਣੇ ਮਨਜੀਤ ਬੋਪਾਰਾਏ

02/04/2020 5:55:27 PM

ਬ੍ਰਿਸਬੇਨ(ਸਤਵਿੰਦਰ ਸਿੰਘ ਟੀਨੂੰ)- ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ ਮਨਜੀਤ ਬੋਪਾਰਾਏ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਭਾਈਚਾਰੇ ਵਾਸਤੇ ਕੀਤੇ ਉਨ੍ਹਾਂ ਦੇ ਸਾਰਥਕ ਉਪਰਾਲਿਆ ਨੇ ਉਨ੍ਹਾਂ ਦੀ ਹਰਮਨ ਪਿਆਰਤਾ ਵਿਚ ਚੋਖਾ ਵਾਧਾ ਕੀਤਾ ਹੈ। ਸਮਾਜ ਸੇਵਾ ਦਾ ਝੰਡਾ ਚੁੱਕੀ ਉਹ ਹਰ ਉਸ ਪੰਜਾਬੀ ਦੀ ਮਦਦ ਲਈ ਪਹੁੰਚ ਜਾਂਦੇ ਹਨ, ਜਿਸ ਨੂੰ ਵੀ ਕੋਈ ਵੱਡੀ ਮੁਸ਼ਕਲ ਦਰਪੇਸ ਹੋਵੇ। ਲੋੜਵੰਦ ਲਈ "ਨਾ" ਸ਼ਬਦ ਉਨ੍ਹਾਂ ਦੀ ਜ਼ੁਬਾਨ 'ਤੇ ਕਦੇ ਨਹੀਂ ਆਇਆ। ਉਨ੍ਹਾਂ ਦੇ ਸਾਦ-ਮੁਰਾਦੇ ਅੰਦਾਜ਼ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਕੋਈ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਉਨ੍ਹਾਂ ਦੀ ਸਪੱਸ਼ਟ ਤੇ ਬੇਬਾਕ ਗੱਲਬਾਤ ਕਿਸੇ ਨੂੰ ਵੀ ਕਾਇਲ ਕਰ ਸਕਣ ਦੀ ਸਮਰੱਥ ਹੈ। ਥੋੜੀਆਂ ਗੱਲਾਂ ਤੇ ਬਹੁਤਾ ਕੰਮ ਕਰਨ ਵਾਲਾ ਇਹ ਸ਼ਖਸ਼ ਪੰਜਾਬੀ ਲੇਖਕ, ਪੱਤਰਕਾਰ, ਉੱਘਾ ਸਮਾਜਸੇਵਕ ਹੋਣ ਤੋਂ ਇਲਾਵਾ ਵਿਗਿਆਨਕ ਸੋਚ ਦਾ ਪਹਿਰੇਦਾਰ ਵੀ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਵੱਲੋ ਰਚਿਆ ਗਿਆ ਵਿਗਿਆਨਕ ਪੁੱਠ ਵਾਲਾ ਸਾਹਿਤ ਦਿੰਦਾ ਹੈ।

ਮਨਜੀਤ ਬੋਪਾਰਾਏ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਪਿੰਡ ਘੁਡਾਣੀ ਦੇ ਜੰਮਪਲ ਹਨ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਬੀ.ਐਡ. ਕੀਤੀ। ਬਾਅਦ ਵਿਚ 1998 ਵਿਚ ਆਸਟ੍ਰੇਲੀਆ ਆਏ ਤੇ ਇਥੇ ਦੇ ਹੀ ਹੋ ਕੇ ਰਹਿ ਗਏ। ਸਿਡਨੀ ਰਹਿੰਦੇ ਹੋਏ ਉਹ ਫੈਲੋਸ਼ਿਪ ਆਫ ਆਸਟ੍ਰੇਲੀਆ ਰਾਇਟਰਜ਼ ਨਿਊ ਸਾਉੂਥ ਵੇਲਜ਼ ਦੇ ਮੈਂਬਰ ਬਣੇ। ਅੰਗਰੇਜੀ ਭਾਸ਼ਾ ਵਿਚ ਉਨ੍ਹਾਂ ਨੇ ਪੋਇਟਰੀ ਲਿਖਣੀ ਸ਼ੁਰੂ ਕੀਤੀ। ਉਨ੍ਹਾਂ ਦੀ ਸੋਚ ਹਮੇਸ਼ਾ ਵਿਗਿਆਨਕ ਪਗਡੰਡੀਆ 'ਤੇ ਕਦਮ ਰੱਖ ਕੇ ਹੀ ਅਗਾਹ ਤੁਰੀ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਦੁਆਰਾ ਲਿਖੀ ਪਹਿਲੀ ਪੁਸਤਕ "ਜੋਤਿਸ਼ ਝੂਠ ਬੋਲਦਾ ਹੈ" ਭਰਦੀ ਹੈ, ਜਿਹੜੀ ਸੰਨ 1992 ਵਿਚ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ। ਜਿਸ ਦੀਆਂ ਲੱਖਾਂ ਕਾਪੀਆ ਪਾਠਕਾਂ ਤੱਕ ਪਹੁੰਚੀਆ। ਆਸਟ੍ਰੇਲੀਆ ਦੇ ਪ੍ਰਚੱਲਿਤ ਟੀ.ਵੀ.ਚੈਨਲ 9 ਅਤੇ 10 'ਤੇ ਇਸ ਪੁਸਤਕ ਬਾਰੇ ਵਿਸ਼ੇਸ਼ ਚਰਚਾ ਹੋਈ ਤੇ ਮਨਜੀਤ ਬੋਪਾਰਾਏ ਦੀਆਂ ਇੰਟਰਵਿਊਜ਼ ਵੀ ਹੋਈਆ। ਇਸ ਤੋਂ ਬਾਅਦ ਉਨ੍ਹਾਂ ਦੀ ਦੂਸਰੀ ਪੁਸਤਕ "ਮੁੱਠੀ ਭਰ ਸੁਆਹ" ਕਾਵਿ ਰੂਪ ਵਿਚ ਪਾਠਕਾਂ ਤੱਕ ਪਹੁੰਚੀ। ਸੰਨ 2003 ਵਿਚ ਉਨ੍ਹਾਂ ਨੇ "ਸੌਗ ਆਸਟ੍ਰੇਲੀਆ" ਨਾਂ ਦਾ ਗੀਤ ਲਿਖਿਆ, ਜਿਸ ਦੀ ਹਰਮਨ ਪਿਆਰਤਾ ਨੂੰ ਵੇਖਦਿਆ "ਸੈਵਨ ਵਿਲੀਅਨ ਸਟੋਰੀਜ(ਐਸ.ਬੀ.ਐਸ.) ਨੇ ਇਸ ਦੀ ਡਾਕੂਮੈਂਟਰੀ ਤਿਆਰ ਕੀਤੀ। ਇਸ ਫਿਲਮ ਵਿਚ ਦਾ ਗੀਤ ਸਾਲ 2007 ਵਿਚ ਜਰਮਨ ਵਿਚ ਹੋਏ ਅੰਤਰ ਰਾਸ਼ਟਰੀ ਫੁੱਟਬਾਲ ਦੇ ਸਬੰਧ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਵੱਲੋ ਲਿਖੇ ਅਰਥ ਭਰਪੂਰ ਪੰਜਾਬੀ ਗੀਤਾਂ ਦੀ ਇਕ ਸੀ.ਡੀ.ਵੀ ਤਿਆਰ ਹੋਈ। ਜਿਸ ਨੂੰ ਆਵਾਜ਼ ਗੁਰਪ੍ਰੀਤ ਬਿੱਲਾ ਨੇ ਦਿੱਤੀ।

ਸਾਲ 2008 ਵਿਚ ਮਨਜੀਤ ਬੋਪਾਰਾਏ ਹੋਰਾ ਨੇ "ਦਾ ਪੰਜਾਬ" ਨਾਮ ਦਾ ਪੰਜਾਬੀ ਅਖਬਾਰ ਸ਼ੁਰੂ ਕੀਤਾ, ਜੋ ਆਸਟ੍ਰੇਲੀਆ ਭਰ ਵਿਚ ਸਰਕੂਲੇਟ ਹੋਇਆ। ਇਸ ਅਖਬਾਰ ਦੇ ਪਿੱਛੇ ਇਨ੍ਹਾਂ ਦਾ ਮੰਤਵ ਆਸਟ੍ਰੇਲੀਆ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਤੇ ਇੱਥੇ ਹੀ ਵਸਦੀ ਪੰਜਾਬੀਆਂ ਦੀ ਨਵੀ ਪਨੀਰੀ ਨੂੰ ਉਨ੍ਹਾਂ ਦੀ ਆਪਣੀ ਬੋਲੀ ਨਾਲ ਜੋੜੀ ਰੱਖਣਾ ਹੈ। ਉਨ੍ਹਾਂ ਦੀ ਸੁਘੜ ਸਿਆਣੀ ਪਤਨੀ ਸ਼੍ਰੀਮਤੀ ਮਨਜੀਤ ਕੌਰ ਅਤੇ ਉਨ੍ਹਾ ਦੇ ਬੇਟੇ ਰੌਬਿਨ ਬੋਪਾਰਾਏ ਦੀ ਭਰਪੂਰ ਮਦਦ ਪ੍ਰਾਪਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਅਖਬਾਰ ਦਾ ਸਾਰਾ ਖਰਚਾ ਉਹ ਆਪਣੀ ਜੇਬ ਵਿਚੋ ਕਰਦੇ ਹਨ। ਇਸ ਤੋਂ ਇਲਾਵਾ ਉਹ ਇੰਡੋਜ ਦੇ ਮਾਣਮੱਤੇ ਆਹੁਦੇਦਾਰ ਵੀ ਹਨ। ਇੰਡੋਜ ਵੱਲੋ ਕਰਵਾਏ ਜਾਂਦੇ ਸਾਰੇ ਕਵੀ ਦਰਬਾਰਾ-ਮੁਸ਼ਾਰਿਆਂ ਵਿਚ ਸ਼ਿਰਕਤ ਕਰਦੇ ਹਨ ਤੇ ਨਵੇਂ ਉੱਭਰਦੇ ਸ਼ਾਇਰਾ ਦੀ ਹੌਂਸਲਾ ਅਫਜਾਈ ਵੀ ਕਰਦੇ ਹਨ।

ਮਨਜੀਤ ਬੋਪਾਰਾਏ ਦੀਆਂ ਹੋਰ ਵੀ ਕਈ ਅਹਿਮ ਪ੍ਰਾਪਤੀਆ ਹਨ। ਸਾਲ 2010 ਵਿਚ ਮਨਜੀਤ ਸਿੰਘ ਬੋਪਾਰਾਏ ਜੀ ਕੁਈਨਜ਼ਲੈਂਡ ਸਟੇਟ ਅੰਦਰ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਸੈਕਟਰੀ ਬਣੇ ਤੇ ਇਸੇ ਸਾਲ ਹੀ ਉਨ੍ਹਾਂ ਨੂੰ ਅਸਟ੍ਰੇਲੀਅਨ ਸਿੱਖ ਗੇਮ ਦਾ ਸੈਕਟਰੀ ਬਣਾ ਕੇ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਨੂੰ ਉਨ੍ਹਾਂ ਨੇ ਬਾ-ਖੂਬੀ ਨਿਭਾਇਆ। ਪਿਛਲੇ 31 ਸਾਲਾਂ ਦੇ ਇਤਿਹਾਸ ਵਿਚ ਬੋਪਾਰਏ ਜੀ ਬਿਨ੍ਹਾਂ ਮੁਕਾਬਲਾ ਸਰਬਸੰਮਤੀ ਨਾਲ ਸਿੱਖ ਗੇਮਜ਼ ਦੇ ਪ੍ਰਧਾਨ ਚੁਣੇ ਗਏ। ਉਹ ਦੋ ਵਾਰ ਪ੍ਰਧਾਨ ਤੇ ਇਕ ਵਾਰ ਸੈਕਟਰੀ ਰਹਿ ਚੁੱਕੇ ਹਨ। ਸਾਲ 2013 ਵਿਚ ਉਹ ਇਸ ਸੰਸਥਾ ਦੇ ਕੌਮੀ ਪ੍ਰਧਾਨ ਬਣੇ ਤੇ ਦੋ ਸਾਲ ਇਸ ਆਹੁਦੇ 'ਤੇ ਰਹੇ ਤੇ ਫਿਰ ਉਹ ਬਤੌਰ ਸੈਕਟਰੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ। ਸਿੱਖ ਗੇਮਜ਼ ਵਿਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਅਹਿਮ ਤਬਦੀਲੀਆਂ ਕੀਤੀਆਂ। ਜਿਨ੍ਹਾਂ ਦੀ ਬੜੀ ਲੋੜ ਮਹਿਸੂਸ ਹੋ ਰਹੀ ਸੀ ਤੇ ਇਨ੍ਹਾਂ ਦੇ ਕਾਰਜ ਦੀ ਹਰ ਪਾਸਿਓਂ ਸਰਾਹਨਾ ਹੋਈ।

ਉਹ ਸਭ ਤੋਂ ਵੱਡੀ ਸੇਵਾ ਪੰਜਾਬੀ ਭਾਈਚਾਰੇ ਦੀ ਕਰ ਰਹੇ ਹਨ। ਉਹ ਅਸਟ੍ਰੇਲੀਆ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਨਾ ਕਿਸੇ ਕਾਰਨ ਵਾਪਰੇ ਹਾਸਦਿਆ ਵਿਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦੀ ਨਿਸਨਾਮ ਸੇਵਾ ਵੀ ਕਰਦੇ ਆ ਰਹੇ ਹਨ। ਹੁਣ ਤੱਕ ਉਹ ਬਹੁਤ ਸਾਰੇ ਅਭਾਗਿਆ ਦੀ ਮਿੱਟੀ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ। ਉਨ੍ਹਾਂ ਅਨੁਸਾਰ ਭਾਵੇ ਇਹ ਕੰਮ ਇਕੱਲੇ ਵਿਅਕਤੀ ਦਾ ਨਹੀਂ ਹੈ ਪਰ ਦੋਸਤਾਂ, ਮਿੱਤਰਾ ਤੇ ਗੁਰੂਘਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ, ਫਿਰ ਵੀ ਝੰਡਾ ਤਾਂ ਕਿਸੇ ਇਕ ਨੂੰ ਹੀ ਚੁੱਕਣਾ ਪੈਂਦਾ ਹੈ। ਅਜਿਹਾ ਪਰਉਪਕਾਰ ਕਰਨਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਜਿਹੇ ਕੰਮਾਂ ਲਈ ਦ੍ਰਿੜ ਇਰਾਦੇ ਅਤੇ ਸਿਰੜ ਦੀ ਜ਼ਰੂਰਤ ਹੁੰਦੀ ਹੈ ਤੇ ਆਪਣੀ ਜੇਬ ਵਿਚੋ ਖਰਚਾ ਕਰਨਾ ਪੈਂਦਾ ਹੈ। ਪ੍ਰਦੇਸ਼ ਵਿਚ ਜਿੱਥੇ ਹਰ ਕੋਈ ਰੋਜ਼ੀ ਰੋਟੀ ਬਾਰੇ ਸੋਚਦਾ ਹੈ, ਜੌਬਾਂ ਵਿਚ ਸਮਾਜਸੇਵਾ ਵਾਸਤੇ ਵਕਤ ਕੱਢਣਾ ਕੋਈ ਛੋਟੀ ਗੱਲ ਨਹੀਂ। ਬ੍ਰਿਸਬੇਨ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਇਸ ਅਣਥੱਕ ਯੋਧੇ ਦੀਆਂ ਸੇਵਾਵਾਂ ਦਾ ਅਹਿਸਾਨ ਮੰਨਦੇ ਹੋਏ ਇਨ੍ਹਾਂ ਦੇ 60ਵੇਂ ਜਨਮ ਦਿਨ ਮੌਕੇ ਤੇ ਸਾਲ 2016, 2017, 2018 ਵਿਚ "ਲਾਈਫ ਟਾਈਮ ਅਚੀਵਮੈਂਟ" ਅਵਾਰਡ ਦੇ ਕੇ ਸਤਿਕਾਰ ਕੀਤਾ। ਮਨਜੀਤ ਬੋਪਾਰਾਏ ਜੀ ਕੋਈ ਇਕੱਲਾ ਇਨਸਾਨ ਨਹੀਂ, ਸਗੋ ਇਕ ਅਜਿਹੀ ਸੰਸਥਾ ਹੈ, ਜਿਸ ਨੇ ਆਪਣੀ ਧਰਤੀ 'ਤੇ ਲੋਕਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਆਪਣੇ 'ਤੇ ਲਈ ਹੈ। ਉਹ ਇਕ ਅਜਿਹਾ ਥੰਮ ਹੈ, ਜਿਹੜਾ ਕਮਜ਼ੋਰ ਛੱਤ ਦਾ ਆਸਰਾ ਬਣਨ ਲਈ ਤਿਆਰ ਖੜ੍ਹਾ ਹੈ। ਆਸਟ੍ਰੇਲੀਆ ਵਿਚ ਵਸਦਾ ਸਮੁੱਚਾ ਪੰਜਾਬੀ ਭਾਈਚਾਰਾ ਕਾਮਨਾ ਕਰਦਾ ਹਾਂ ਕਿ ਸੱਚਾਈ, ਇਮਾਨਦਾਰੀ ਤੇ ਪਰਉਪਕਾਰ ਦਾ ਇਹ ਥੰਮ ਹਮੇਸ਼ਾ ਕਾਇਮ ਰਹੇ ਤੇ ਲੋੜਵੰਦਾਂ ਤੇ ਪੰਜਾਬੀ ਮਾਂ ਬੋਲੀ ਦੀ ਹਮੇਸ਼ਾ ਸੇਵਾ ਕਰਦਾ ਰਹੇ।


Baljit Singh

Content Editor

Related News