MP ਤਿਵਾੜੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਪੱਤਰ, ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਦੀ ਕੀਤੀ ਅਪੀਲ
Thursday, Apr 22, 2021 - 02:53 PM (IST)
ਵਾਸ਼ਿੰਗਟਨ /ਚੰਡੀਗੜ੍ਹ (ਰਾਜ ਗੋਗਨਾ)— ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਚਿੱਠੀ ਲਿਖ ਕੇ ਯੂ.ਐੱਸ.ਏ 'ਚ ਵੱਸਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਅਪੀਲ ਕੀਤੀ ਹੈ। ਐਮ.ਪੀ. ਤਿਵਾੜੀ ਨੇ ਇੰਡੀਆਨਾਪੋਲਿਸ ਵਿਖੇ ਸਥਿਤ ਫੈਡ-ਐਕਸ ਦੇ ਕੰਪਲੈਕਸ ਵਿਚ ਹੋਈ ਗੋਲੀਬਾਰੀ ਦੀ ਦਰਦਨਾਕ ਘਟਨਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨਾਲ ਹਮਦਰਦੀ ਪ੍ਰਗਟਾਈ ਹੈ। ਇਸ 'ਚ 8 ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ, ਜਿਨ੍ਹਾਂ 'ਚ 4 ਲੋਕ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਐਮ.ਪੀ. ਤਿਵਾਡ਼ੀ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਖ਼ਿਲਾਫ਼ ਦੁਰਭਾਵਨਾਪੂਰਨ ਅਪਰਾਧ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਵੀ ਭਾਈਚਾਰੇ ਖ਼ਿਲਾਫ਼ ਹੋਵੇ, ਦੁਰਭਾਵਨਾਪੂਰਨ ਅਪਰਾਧ ਨੂੰ ਦੁਰਭਾਵਨਾਪੂਰਨ ਅਪਰਾਧ ਹੀ ਮੰਨਿਆ ਜਾਵੇਗਾ।
ਉਨ੍ਹਾਂ ਨੇ ਇੰਡੀਆਨਾਪੋਲਿਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕੋਮਾਤਰ ਘਟਨਾ ਨਹੀਂ ਹੈ। ਅਗਸਤ 2012 'ਚ ਓਕ ਕਰੀਕ ਵਿਸਕਾਨਸਿਨ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ ਸੀ, ਜਿਸ 'ਚ 7 ਬੇਕਸੂਰ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਬੀਮਾਰ ਮਾਨਸਿਕਤਾ ਦਾ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਲਈ ਉਨ੍ਹਾਂ ਨੇ ਪੂਰੇ ਅਮਰੀਕਾ 'ਚ ਸਿੱਖ ਭਾਈਚਾਰੇ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਉਨ੍ਹਾਂ 9/11 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ 9/11 ਦੀ ਦੁਖ਼ਦ ਘਟਨਾ ਦੀ 20ਵੀਂ ਬਰਸੀ ਨੂੰ ਮਨਾਉਣ ਵਾਲੇ ਹਾਂ। ਇਹ ਦੁਖ਼ਦ ਹੈ ਪਰ ਧਿਆਨ ਦੇਣ ਦੀ ਲੋੜ ਹੈ ਕਿ ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਖ਼ਿਲਾਫ਼ ਦੁਰਭਾਵਨਾਪੂਰਨ ਅਪਰਾਧਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ 15 ਸਤੰਬਰ, 2001 'ਚ ਮੈਸਾ ਐਰੀਜ਼ੋਨਾ 'ਚ ਇਕ ਅਮਰੀਕੀ ਸਿੱਖ ਨੂੰ ਪਛਾਣ ਦੀ ਗਲਤੀ ਕਾਰਨ ਕਤਲ ਕਰ ਦਿੱਤਾ ਗਿਆ ਸੀ। ਐਮ.ਪੀ. ਤਿਵਾੜੀ ਨੇ ਪੂਰੇ ਵਿਸ਼ਵ ਅੰਦਰ ਸਿੱਖ ਭਾਈਚਾਰੇ ਵਲੋਂ ਕੀਤੀ ਗਈ ਮਨੁੱਖਤਾ ਦੀ ਮਹਾਨ ਸੇਵਾ ਦਾ ਜ਼ਿਕਰ ਕੀਤਾ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਸਿੱਖ ਇਕ ਪਰਉਪਕਾਰੀ ਭਾਈਚਾਰਾ ਹੈ। ਹਾਲ ਹੀ 'ਚ ਇਸ ਦੀ ਉਦਾਹਰਣ ਉਸ ਵਕਤ ਦੇਖਣ ਨੂੰ ਮਿਲੀ ਸੀ, ਜਦੋਂ ਸਿੱਖ ਭਾਈਚਾਰੇ ਨੇ ਕੋਰੋਨਾ ਕਾਰਨ ਤਬਾਹ ਹੋ ਚੁੱਕੇ ਅਤੇ ਕੋਵਿਡ-19 ਦੇ ਕੇਸਾਂ ਨਾਲ ਨਜਿੱਠ ਨਹੀਂ ਪਾ ਰਹੇ ਨਿਊਯਾਰਕ ਸ਼ਹਿਰ 'ਚ ਹੈਲਥ ਕੇਅਰ ਵਰਕਰਾਂ, ਕੋਰੋਨਾ ਦੇ ਮਰੀਜ਼ਾਂ ਨੂੰ ਖਾਣਾ ਪਹੁੰਚਾਇਆ ਸੀ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਸਿੱਖ ਵਿਚਾਰਧਾਰਾ ਦਾ ਅਤੁੱਟ ਹਿੱਸਾ ਹੈ।