ਪਾਲਤੂ ਕੁੱਤੇ ਦੇ ਚੱਟਣ ਨਾਲ ਵਿਅਕਤੀ ਗਿਆ ਕੋਮਾ ''ਚ, ਗਵਾਈਆਂ ਲੱਤਾਂ

Wednesday, Apr 25, 2018 - 10:40 AM (IST)

ਲੰਡਨ (ਬਿਊਰੋ)— ਅਕਸਰ ਲੋਕ ਘਰਾਂ ਵਿਚ ਕੁੱਤੇ ਪਾਲਦੇ ਹਨ। ਕੁੱਤੇ ਨੂੰ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਰੱਖਿਆ ਜਾਂਦਾ ਹੈ। ਪਰ ਇਸ ਨਾਲ ਪਿਆਰ ਕਰਨਾ ਜਾਨਲੇਵਾ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਇੰਗਲੈਂਡ ਦਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਕਰਨਾ ਮਾਲਕ ਲਈ ਜਾਨਲੇਵਾ ਸਾਬਤ ਹੋਇਆ ਹੈ। ਤਕਰੀਬਨ ਡੇਢ ਸਾਲ ਪਹਿਲਾਂ 50 ਸਾਲਾ ਡਾਕਟਰ ਜੈਕੋ ਨੇਲ ਕੌਕਰ ਸਪੈਨੀਅਲ ਨਸਲ ਦੇ ਆਪਣੇ ਕੁੱਤੇ ਹਾਰਵੀ ਨਾਲ ਖੇਡ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਹੱਥ 'ਤੇ ਹਲਕੀ ਜਿਹੀ ਝਰੀਟ ਲੱਗੀ। ਉਨ੍ਹਾਂ ਨੇ ਝਰੀਟ ਨੂੰ ਸਾਫ ਕੀਤਾ ਅਤੇ ਕੰਮ ਵਿਚ ਰੁੱਝ ਗਏ। ਦੋ ਹਫਤੇ ਤੱਕ ਸਭ ਕੁਝ ਠੀਕ ਰਿਹਾ ਪਰ ਇਸ ਮਗਰੋਂ ਉਨ੍ਹਾਂ ਨੂੰ ਫਲੂ ਜਿਹਾ ਕੁਝ ਹੋਇਆ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ।  
ਅਸਲ ਵਿਚ ਕੁੱਤੇ ਦੀ ਲਾਰ ਕਾਰਨ ਉਨ੍ਹਾਂ ਨੂੰ 'ਸੈਪਟੀਸੀਮੀਆ' (ਇਕ ਤਰ੍ਹਾਂ ਦਾ ਇਨਫੈਕਸ਼ਨ) ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਖੂਨ ਵਿਚ ਜ਼ਹਿਰ ਫੈਲ ਗਿਆ ਸੀ ਅਤੇ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟਦੀ ਜਾ ਰਹੀ ਸੀ। ਸੈਪਟੀਸੀਮੀਆ ਇਨਫੈਕਸ਼ਨ ਕਾਰਨ ਦੁਨੀਆ ਵਿਚ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੁਨੀਆ ਭਰ ਵਿਚ ਤਕਰੀਬਨ ਦੋ ਕਰੋੜ ਲੋਕ ਸੈਪਟੀਸੀਮੀਆ ਇਨਫੈਕਸ਼ਨ ਦੇ ਸ਼ਿਕਾਰ ਹੁੰਦੇ ਹਨ। ਡਾਕਟਰਾਂ ਮੁਤਾਬਕ ਸੈਪਟੀਸੀਮੀਆ ਜਿੰਨੀ ਜਲਦੀ ਪਕੜ ਵਿਚ ਆਏ ਮਰੀਜ਼ ਦੇ ਠੀਕ ਹੋਣ ਦੀ ਉਮੀਦ ਉਨੀ ਵੱਧ ਜਾਂਦੀ ਹੈ। ਇਹ ਇਨਫੈਕਸ਼ਨ ਹੋਣ 'ਤੇ ਇਕ-ਇਕ ਮਿੰਟ ਕੀਮਤੀ ਹੁੰਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ,ਖਤਰਾ ਜ਼ਿਆਦਾ ਵੱਧ ਜਾਂਦਾ ਹੈ।

PunjabKesari
ਉੱਧਰ ਨੇਲ ਮਰੇ ਨਹੀਂ ਪਰ ਉਹ ਮੌਤ ਦੇ ਬਹੁਤ ਕਰੀਬ ਸਨ। ਨੇਲ ਨੂੰ ਪਹਿਲਾਂ ਤਾਂ ਅੰਦਾਜ਼ਾ ਨਹੀਂ ਹੋਇਆ ਕਿ ਉਹ ਕਿੰਨੇ ਬੀਮਾਰ ਹਨ ਕਿਉਂਕਿ ਉਸ ਸਮੇਂ ਉਨ੍ਹਾਂ ਨੂੰ ਸਿਰਫ ਬੁਖਾਰ ਸੀ। ਉਹ ਸੋਣ ਲਈ ਚਲੇ ਗਏ। ਟੇਲ ਨੇ ਦੱਸਿਆ,''ਸ਼ਾਮ ਨੂੰ ਮੇਰੀ ਪਤਨੀ ਘਰ ਆਈ ਤਾਂ ਉਸ ਨੇ ਮੈਨੂੰ ਗੰਭੀਰ ਹਾਲਤ ਵਿਚ ਪਾਇਆ। ਉਸ ਨੇ ਤੁਰੰਤ ਐਮਰਜੈਂਸੀ ਸੇਵਾ ਨੂੰ ਫੋਨ ਕੀਤਾ। ਉਨ੍ਹਾਂ ਨੇ ਤੁਰੰਤ ਮੇਰਾ ਇਲਾਜ ਸ਼ੁਰੂ ਕਰ ਦਿੱਤਾ।'' ਨੇਲ ਅੱਗੇ ਦੱਸਦੇ ਹਨ,''ਮੈਨੂੰ ਘਰ ਤੋਂ ਹੀ ਐਂਟੀ ਬਾਇਓਟਿਕਸ ਅਤੇ ਜ਼ਰੂਰੀ ਤਰਲ ਪਦਾਰਥ ਦਿੱਤੇ ਜਾਣ ਲੱਗੇ ਸਨ ਪਰ ਐਮਰਜੈਂਸੀ ਰੂਮ ਵਿਚ ਪਹੁੰਚਦੇ ਹੀ ਮੈਂ ਬੇਹੋਸ਼ ਹੋ ਗਿਆ।'' ਇਸ ਮਗਰੋਂ ਅਗਲੇ ਪੰਜ ਦਿਨ ਤੱਕ ਉਹ ਆਈ. ਸੀ. ਯੂ. ਵਿਚ ਰਹੇ ਕਿਉਂਕਿ ਉਹ ਕੋਮਾ ਵਿਚ ਚਲੇ ਗਏ ਸਨ। ਨੇਲ ਨੇ ਦੱਸਿਆ,''ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੇਰਾ ਸਾਰਾ ਸਰੀਰ ਕਾਲਾ ਪੈ ਚੁੱਕਾ ਸੀ। ਮੇਰੇ ਖੂਨ ਦੇ ਥੱਕੇ ਅਜੀਬ ਤਰ੍ਹਾਂ ਨਾਲ ਜੰਮ ਗਏ ਸਨ ਅਤੇ ਮੇਰੇ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਮੇਰੀਆਂ ਕਿਡਨੀਆਂ ਫੇਲ ਹੋ ਗਈਆਂ ਸਨ ਅਤੇ ਦੋ ਮਹੀਨੇ ਤੱਕ ਮੈਨੂੰ ਡਾਇਲਸਿਸ 'ਤੇ ਰੱਖਿਆ ਗਿਆ ਸੀ। ਚਾਰ ਮਹੀਨੇ ਤੱਕ ਹਸਪਤਾਲ ਵਿਚ ਰਹਿਣ ਮਗਰੋਂ ਮੇਰੇ ਦੋਵੇਂ ਪੈਰ ਗੋਡਿਆਂ ਤੱਕ ਕੱਟ ਦਿੱਤੇ ਗਏ ਸਨ। ਮੇਰੀ ਨੱਕ ਦਾ ਉੱਪਰੀ ਹਿੱਸਾ ਵੀ ਖਤਮ ਹੋ ਗਿਆ ਸੀ।'' 

PunjabKesari
ਨੇਲ ਮੁਤਾਬਕ,''ਮੇਰੇ ਲਈ ਇਹ ਬਹੁਤ ਮੁਸ਼ਕਲ ਸਮਾਂ ਸੀ। ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਮੇਰੀਆਂ ਉਂਗਲਾਂ ਅਤੇ ਪੈਰ ਨਹੀਂ ਰਹਿਣਗੇ ਪਰ ਮੇਰੇ ਚਿਹਰੇ ਨਾਲ ਵੀ ਅਜਿਹਾ ਕੁਝ ਹੋਵੇਗਾ ਇਸ ਦਾ ਅੰਦਾਜ਼ਾ ਨਹੀਂ ਸੀ।'' ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਵੀ ਨੇਲ ਨੂੰ ਖਾਣਾ ਖਾਣ, ਸਾਹ ਲੈਣ ਅਤੇ ਚੱਲਣ ਵਿਚ ਬਹੁਤ ਤਕਲੀਫ ਰਹੀ। ਉਨ੍ਹਾਂ ਦੇ ਬੁੱਲਾਂ 'ਤੇ ਜ਼ਖਮਾਂ ਦੇ ਨਿਸ਼ਾਨ ਰਹਿ ਗਏ। ਨੇਲ ਨੇ ਦੱਸਿਆ ਕਿ ਇਸ ਦੌਰਾਨ ਉਹ ਚਿੜਚਿੜੇ ਅਤੇ ਨਿਰਾਸ਼ ਹੋ ਗਏ ਸਨ। ਹਾਲਾਂਕਿ ਤਿੰਨ ਮਹੀਨੇ ਬਾਅਦ ਉਹ ਦੁਬਾਰਾ ਚੱਲਣ ਲੱਗੇ। ਨੇਲ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਇਆ। ਬਾਅਦ ਵਿਚ ਉਨ੍ਹਾਂ ਨੂੰ ਇਕ ਹੋਰ ਮੁਸ਼ਕਲ ਫੈਸਲਾ ਲੈਣਾ ਪਿਆ। ਉਨ੍ਹਾਂ ਨੂੰ ਆਪਣੇ ਪਿਆਰੇ ਕੁੱਤੇ ਹਾਰਵੀ ਨੂੰ ਮਰਵਾਉਣਾ ਪਿਆ ਤਾਂ ਜੋ ਕੋਈ ਹੋਰ ਉਸ ਇਨਫੈਕਸ਼ਨ ਦਾ ਸ਼ਿਕਾਰ ਨਾ ਹੋਵੇ। ਹੁਣ ਨੇਲ ਦੀ ਹਾਲਤ ਵਿਚ ਕਾਫੀ ਸੁਧਾਰ ਹੈ। ਉਹ ਕਾਰ ਚਲਾ ਸਕਦੇ ਹਨ। ਉਨ੍ਹਾਂ ਨੂੰ ਇਕ ਨਕਲੀ ਨੱਕ ਮਿਲੀ ਹੈ ਪਰ ਉਹ ਉਸ ਨੂੰ ਨਹੀਂ ਪਾਉਂਦੇ।


Related News