US ; ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦਾ ਸ਼ਰਮਨਾਕ ਕਾਰਾ ! ਨਾਬਾਲਗ ਨਾਲ ਕੀਤੀ ਗੰਦੀ ਹਰਕਤ, ਗ੍ਰਿਫ਼ਤਾਰ
Sunday, Dec 14, 2025 - 11:40 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਲੀਫੌਰਨੀਆ 'ਚ ਪੈਂਦੇ ਸਟਾਕਟਨ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਇਕ ਹਾਈ ਸਕੂਲ ਦੇ ਬਾਹਰ ਇਕ ਨਾਬਾਲਗ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਕਾਰਵਾਈ ਨੂੰ ਸਟੈਨਿਸਲਾਅਸ ਕਾਊਂਟੀ ਸ਼ੈਰਿਫ਼ ਦਫ਼ਤਰ ਦੀ ਸਪੈਸ਼ਲ ਵਿਕਟਿਮਜ਼ ਯੂਨਿਟ ਨੇ ਅੰਜਾਮ ਦਿੱਤਾ ਹੈ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੀਜ਼ ਦੇ ਰਹਿਣ ਵਾਲੇ ਜਸਪਾਲ ਸਿੰਘ (36) ਵਜੋਂ ਹੋਈ ਹੈ। ਉਸ ਨੇ ਟਰਲੌਕ ਦੇ ਪੁਟਮਨ ਹਾਈ ਸਕੂਲ ਦੀ ਪਾਰਕਿੰਗ 'ਚ ਨਾਬਾਲਗ ਨੂੰ ਬੁਲਾਇਆ ਸੀ, ਪਰ ਨਾਬਾਲਗ ਦੇ ਪਹੁੰਚਣ ਤੋਂ ਪਹਿਲਾਂ ਹੀ ਇਕ ਅੰਡਰਕਵਰ ਜਾਸੂਸ ਨੇ ਉਸ ਨੂੰ ਦੇਖ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਜਦੋਂ ਜਸਾਪਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਇਹ ਇਲਜ਼ਾਮ ਕਬੂਲ ਕਰ ਲਏ ਹਨ।
ਇਸ ਮਾਮਲੇ 'ਚ ਪੀੜਤ ਨੇ ਬਿਆਨ ਦਿੱਤਾ ਹੈ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ। ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
