ਚੀਨ ਪਹੁੰਚਦੇ ਹੀ ਮਾਲਦੀਵ ਦੇ ਰਾਸ਼ਟਰਪਤੀ ਦੀ ਲੱਗੀ ਕਲਾਸ, ਡ੍ਰੈਗਨ ਨੇ ਕਿਹਾ- ਭਾਰਤ ਦਾ ਕਰਦੇ ਹਾਂ ਸਨਮਾਨ
Monday, Jan 08, 2024 - 06:17 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਨਾਲ ਵਿਵਾਦਾਂ ਦਰਮਿਆਨ ਚੀਨ ਪਹੁੰਚੇ ਮਾਲਦੀਵ ਦੇ ਰਾਸ਼ਟਰਪਤੀ ਨੂੰ ਚੀਨੀ ਮੀਡੀਆ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਯਾਤਰਾ ਦੌਰਾਨ ਚੀਨ ਦੇ ਸਰਕਾਰੀ ਅਖ਼ਬਾਰ ਦੇ ਸੰਪਾਦਕੀ 'ਚ ਮਾਲਦੀਵ ਨਾਲ ਭਾਰਤ ਦੇ ਕੂਟਨੀਤਕ ਵਿਵਾਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਡੀਆ 'ਚ ਭਾਰਤ ਨੂੰ ਦੱਖਣੀ ਏਸ਼ੀਆਈ ਮੁੱਦਿਆਂ 'ਤੇ 'ਖੁੱਲ੍ਹੇ ਦਿਮਾਗ ਦੀ' ਨੀਤੀ 'ਤੇ ਚੱਲਣ ਲਈ ਕਿਹਾ ਗਿਆ। ਇੱਥੇ ਦੱਸ ਦਈਏ ਕਿ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਚੀਨ ਵੱਲ ਝੁਕਾਅ ਵਾਲਾ ਨੇਤਾ ਮੰਨਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਐਤਵਾਰ ਨੂੰ ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੇ ਸਭ ਤੋਂ ਛੋਟੇ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦੇ ਦੌਰੇ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮਾਲਦੀਵ ਸਰਕਾਰ ਨੇ ਤਿੰਨ ਮੰਤਰੀਆਂ ਦੀਆਂ "ਅਪਮਾਨਜਨਕ" ਟਿੱਪਣੀਆਂ ਤੋਂ ਦੂਰੀ ਬਣਾ ਲਈ ਹੈ ਅਤੇ ਇਸ ਮਾਮਲੇ ਨੂੰ ਉਨ੍ਹਾਂ ਦੇ 'ਨਿੱਜੀ ਵਿਚਾਰ' ਕਰਾਰ ਦਿੱਤਾ ਹੈ ਜੋ ਸਰਕਾਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ।
ਸੱਤਾ ਵਿੱਚ ਆਉਣ ਤੋਂ ਬਾਅਦ ਵਿਗੜੇ ਬੋਲ
ਮਾਲਦੀਵ 'ਚ ਮੁਈਜ਼ੂ ਦੇ ਸੱਤਾ 'ਚ ਆਉਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਟਾਪੂ ਦੇਸ਼ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਹਨ। ਚੀਨ ਪੱਖੀ ਸਿਆਸਤਦਾਨ ਮੰਨੇ ਜਾਂਦੇ ਮੁਈਜ਼ੂ ਨੇ ਸਤੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਭਾਰਤ-ਪੱਖੀ ਪੂਰਵਜ ਇਬਰਾਹਿਮ ਮੁਹੰਮਦ ਸੋਲਿਹ ਨੂੰ ਹਰਾਇਆ ਸੀ। ਗਲੋਬਲ ਟਾਈਮਜ਼ ਦੇ ਸੰਪਾਦਕੀ 'ਚ ਕਿਹਾ ਗਿਆ ਕਿ ਚੀਨ ਨੇ ਹਮੇਸ਼ਾ ਹੀ ਮਾਲਦੀਵ ਨੂੰ ਬਰਾਬਰ ਦਾ ਹਿੱਸੇਦਾਰ ਮੰਨਿਆ ਹੈ ਅਤੇ ਉਸ ਦੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ, ਸਾਹਮਣੇ ਆ ਰਹੀਆਂ ਇਹ ਔਂਕੜਾ ਬਣੀਆਂ ਚਿੰਤਾ ਦਾ ਸਬੱਬ
ਭਾਰਤ ਨਾਲ ਵਿਵਾਦ 'ਤੇ ਚੀਨੀ ਮੀਡੀਆ ਨੇ ਕਹੀ ਇਹ ਗੱਲ
ਮੁਈਜ਼ੂ ਚੀਨ ਦੀ ਯਾਤਰਾ ਲਈ ਬੀਜਿੰਗ ਪਹੁੰਚ ਚੁੱਕੇ ਹਨ। ਇਸੇ ਦੌਰਾਨ ਚੀਨ ਦੇ ਸਰਕਾਰੀ ਮੀਡੀਆ ਵਿੱਚ ਭਾਰਤ ਦੇ ਮਾਲਦੀਵ ਨਾਲ ਸਬੰਧਾਂ ਬਾਰੇ ਇੱਕ ਲੇਖ ਪ੍ਰਕਾਸ਼ਿਤ ਹੋਇਆ ਹੈ। ਮੀਡੀਆ ਨੇ ਲਿਖਿਆ ਕਿ ਚੀਨ ਮਾਲਦੀਵ ਅਤੇ ਭਾਰਤ ਦਰਮਿਆਨ ਦੋਸਤਾਨਾ ਅਤੇ ਸਹਿਯੋਗੀ ਸਬੰਧਾਂ ਦਾ ਸਨਮਾਨ ਕਰਦਾ ਹੈ। ਉਹ ਨਵੀਂ ਦਿੱਲੀ ਨਾਲ ਚੰਗੇ ਸਬੰਧ ਬਣਾਏ ਰੱਖਣ ਵਿੱਚ ਮਾਲੇ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਜਾਣੂ ਹੈ। ਬੀਜਿੰਗ ਨੇ ਕਦੇ ਵੀ ਕੋਈ ਸ਼ਰਤ ਨਹੀਂ ਲਗਾਈ ਅਤੇ ਨਾ ਹੀ ਮਾਲੇ ਨੂੰ ਚੀਨ ਅਤੇ ਭਾਰਤ ਦੇ ਟਕਰਾਅ ਕਾਰਨ ਨਵੀਂ ਦਿੱਲੀ ਨਾਲ ਆਪਣੇ ਸਬੰਧ ਵਿਗਾੜਨ ਦੀ ਸਲਾਹ ਦਿੱਤੀ। ਨਾ ਹੀ ਇਹ ਮਾਲਦੀਵ ਅਤੇ ਭਾਰਤ ਵਿਚਕਾਰ ਸਹਿਯੋਗ ਨੂੰ ਆਪਣੇ ਲਈ ਖਤਰੇ ਵਜੋਂ ਦੇਖਦਾ ਹੈ।
ਭਾਰਤ ਲਈ ਕਹੀ ਇਹ ਗੱਲ
ਚੀਨੀ ਮੀਡੀਆ ਆਰਟੀਕਲ ਵਿੱਚ ਕਿਹਾ ਗਿਆ ਹੈ ਕਿ ਉਹ (ਚੀਨ) ਭਾਰਤ, ਮਾਲਦੀਵ ਅਤੇ ਚੀਨ ਦਰਮਿਆਨ ਤਿਕੋਣੀ ਸਹਿਯੋਗ ਵਿੱਚ ਵੀ ਦਿਲਚਸਪੀ ਰੱਖਦਾ ਹੈ। ਨਵੀਂ ਦਿੱਲੀ ਨੂੰ ਵਧੇਰੇ ਖੁੱਲ੍ਹ ਕੇ ਸੋਚਣਾ ਚਾਹੀਦਾ ਹੈ, ਕਿਉਂਕਿ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਚੀਨ ਦਾ ਸਹਿਯੋਗ 'ਜ਼ੀਰੋ-ਸਮ' ਵਾਲੀ ਖੇਡ ਨਹੀਂ ਹੈ। ਜ਼ੀਰੋ-ਸਮ ਗੇਮ ਖੇਡ ਦਾ ਇੱਕ ਗਣਿਤਿਕ ਵਰਣਨ ਹੈ ਜਿਸਦਾ ਮਤਲਬ ਹੈ ਕਿ ਖੇਡ ਵਿੱਚ ਇੱਕ ਧਿਰ ਨੂੰ ਬਹੁਤ ਲਾਭ ਹੁੰਦਾ ਹੈ ਜਦੋਂ ਕਿ ਦੂਜੀ ਧਿਰ ਨੂੰ ਓਨਾ ਹੀ ਨੁਕਸਾਨ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।