ਮਾਲਦੀਵ: ਰਾਸ਼ਟਰਪਤੀ ਚੋਣਾਂ ਦੇ ਫੈਸਲਾਕੁੰਨ ਦੌਰ ਲਈ ਵੋਟਿੰਗ ਜਾਰੀ

Saturday, Sep 30, 2023 - 03:02 PM (IST)

ਮਾਲਦੀਵ: ਰਾਸ਼ਟਰਪਤੀ ਚੋਣਾਂ ਦੇ ਫੈਸਲਾਕੁੰਨ ਦੌਰ ਲਈ ਵੋਟਿੰਗ ਜਾਰੀ

ਮਾਲੇ (ਭਾਸ਼ਾ)- ਮਾਲਦੀਵ ਵਿੱਚ ਰਾਸ਼ਟਰਪਤੀ ਚੋਣਾਂ ਦੇ ਫੈਸਲਾਕੁੰਨ ਦੌਰ ਲਈ ਸ਼ਨੀਵਾਰ ਨੂੰ ਲੋਕ ਵੋਟਿੰਗ ਕਰ ਰਹੇ ਹਨ। ਇੱਕ ਤਰ੍ਹਾਂ ਨਾਲ ਇਸ ਚੋਣ ਨੂੰ ਅਸਲ ਵਿੱਚ ਇੱਕ ਜਨਮਤ ਸੰਗ੍ਰਹਿ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਭਾਰਤ ਜਾਂ ਚੀਨ ਵਿਚੋਂ ਕਿਹੜੀ ਖੇਤਰੀ ਤਾਕਤ ਦਾ ਜ਼ਿਆਦਾ ਪ੍ਰਭਾਵ ਰਹੇਗਾ। ਸਤੰਬਰ ਦੇ ਸ਼ੁਰੂ 'ਚ ਰਾਸ਼ਟਰਪਤੀ ਅਹੁਦੇ ਲਈ ਹੋਈ ਵੋਟਿੰਗ ਦੇ ਪਹਿਲੇ ਪੜਾਅ 'ਚ ਮੁੱਖ ਵਿਰੋਧੀ ਉਮੀਦਵਾਰ ਮੁਹੰਮਦ ਮੁਈਜ਼ ਅਤੇ ਮੌਜੂਦਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਵਿਚੋਂ ਕਿਸੇ ਨੂੰ ਵੀ 50 ਫ਼ੀਸਦੀ ਤੋਂ ਵੱਧ ਵੋਟਾਂ ਨਹੀਂ ਮਿਲ ਸਕੀਆਂ ਸਨ, ਜਿਸ ਤੋਂ ਬਾਅਦ ਫੈਸਲਾਕੁੰਨ ਗੇੜ ਦੀ ਵੋਟਿੰਗ ਹੋ ਰਹੀ ਹੈ।

ਸੋਲਿਹ ਪਹਿਲੀ ਵਾਰ 2018 ਵਿੱਚ ਰਾਸ਼ਟਰਪਤੀ ਚੁਣੇ ਗਏ ਸਨ। ਸੋਲਿਹ ਦੂਜੇ ਕਾਰਜਕਾਲ ਲਈ ਦੁਬਾਰਾ ਚੋਣ ਲੜ ਰਹੇ ਹਨ। ਉਥੇ ਹੀ ਮੁਈਜ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਮਾਲਦੀਵ ਵਿੱਚ ਮੌਜੂਦ ਭਾਰਤੀ ਸੈਨਿਕਾਂ ਨੂੰ ਵਾਪਸ ਭੇਜ ਦੇਣਗੇ ਅਤੇ ਦੇਸ਼ ਦੇ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਵਪਾਰਕ ਸਬੰਧ ਭਾਰਤ ਦੇ ਪੱਖ ਵਿੱਚ ਹਨ। ਮੁਈਜ਼ ਨੂੰ ਪਹਿਲੇ ਪੜਾਅ 'ਚ 46 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ ਜਦਕਿ ਸੋਲਿਹ ਨੂੰ 39 ਫੀਸਦੀ ਵੋਟਾਂ ਮਿਲੀਆਂ ਸਨ। ਫੈਸਲਾਕੁੰਨ ਦੌਰ ਵਿੱਚ 2,82,000 ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ ਐਤਵਾਰ ਨੂੰ ਨਤੀਜੇ ਆਉਣ ਦੀ ਉਮੀਦ ਹੈ।


author

cherry

Content Editor

Related News