ਮਲੇਸ਼ੀਆ ਦੇ ਪੀ.ਐੱਮ. ਨੇ ਰਾਜਾ ਨੂੰ ਸੌਂਪਿਆ ਆਪਣਾ ਅਸਤੀਫਾ

02/24/2020 12:56:19 PM

ਕੁਆਲਾਲੰਪੁਰ (ਭਾਸ਼ਾ): ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਸੋਮਵਾਰ ਨੂੰ ਆਪਣਾ ਅਸਤੀਫਾ ਦੇਸ਼ ਦੇ ਰਾਜਾ ਨੂੰ ਸੌਂਪ ਦਿੱਤਾ। ਪ੍ਰਧਾਨ ਮੰਤਰੀ ਦਫਤਰ ਨੇ ਇਹ ਜਾਣਕਾਰੀ ਦਿੱਤੀ। ਦੁਨੀਆ ਦੇ ਸਭ ਤੋਂ ਬਜ਼ੁਰਗ ਨੇਤਾ 94 ਸਾਲਾ ਮਹਾਤਿਰ ਨੇ ਆਪਣੇ ਰਾਜਨੀਤਕ ਵਿਰੋਧੀਆਂ ਵੱਲੋਂ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਦੇ ਬਾਅਦ ਇਹ ਫੈਸਲਾ ਲਿਆ। ਉਹਨਾਂ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਮਹਾਤਿਰ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣਾ ਅਸਤੀਫਾ ਭੇਜ ਦਿੱਤਾ ਹੈ।

ਮਹਾਤਿਰ 10 ਮਈ, 2018 ਨੂੰ ਪ੍ਰਧਾਨ ਮੰਤਰੀ ਬਣੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦੀ ਪਾਰਟੀ ਬੇਰਾਸਤੁ ਸਾਂਝੀ ਸਰਕਾਰ ਦੇ ਗਠਜੋੜ ਤੋਂ ਵੱਖ ਹੋ ਗਈ ਹੈ, ਜਿਸ ਦੇ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਹੈ। ਹਾਲੇ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਨੇਤਾ ਮਹਾਤਿਰ ਹੋਰ ਪਾਰਟੀਆਂ ਦੇ ਨਾਲ ਮਿਲ ਕੇ ਸਰਕਾਰ ਬਣਾਉਣਗੇ ਜਾਂ ਨਹੀਂ। ਮੰਨਿਆ ਜਾ ਰਿਹਾ ਹੈ ਕਿ ਕਰੀਬ ਇਕ ਹਫਤੇ ਤੋਂ ਮਲੇਸ਼ੀਆ ਵਿਚ ਰਾਜਨੀਤਕ ਅਸਥਿਰਤਾ ਚੱਲ ਰਹੀ ਸੀ। 

ਇੱਥੇ ਦੱਸ ਦਈਏ ਕਿ ਸਾਲ 2018 ਵਿਚ ਮਹਾਤਿਰ ਅਤੇ ਅਨਵਰ ਇਬਰਾਹਿਮ ਨੇ ਮਿਲ ਕੇ ਸਰਕਾਰ ਬਣਾਈ ਸੀ। ਉਦੋਂ ਕਿਹਾ ਗਿਆ ਸੀ ਕਿ ਮਹਾਤਿਰ ਕੁਝ ਸਾਲ ਦੇ ਬਾਅਦ ਅਨਵਰ ਨੂੰ ਸੱਤਾ ਸੌਂਪ ਦੇਣਗੇ ਪਰ ਐਤਵਾਰ ਨੂੰ ਅਨਵਰ ਨੇ ਮਹਾਤਿਰ ਦੀ ਪਾਰਟੀ 'ਤੇ ਧੋਖੇਬਾਜ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਹਾਤਿਰ ਨੇ ਧੋਖਾ ਦਿੰਦੇ ਹੋਏ ਯੂਨਾਈਟਿੰਡ ਮਲਾਯਸ ਨੈਸ਼ਨਲ ਸੰਸਥਾ (UMNO) ਦੇ ਨਾਲ ਹੱਥ ਮਿਲਾ ਲਿਆ ਹੈ। ਮਹਾਤਿਰ ਦੀ ਗੱਲ ਕਰੀਏ ਤਾਂ ਮਲੇਸ਼ੀਆ ਦੀ ਰਾਜਨੀਤੀ ਵਿਚ ਉਹਨਾਂ ਦੀ ਚੰਗੀ ਪਕੜ ਹੈ। ਉਹ 1981 ਤੋਂ ਲੈ ਕੇ 2003 ਤੱਕ ਪ੍ਰਧਾਨ ਮੰਤਰੀ ਰਹੇ। ਫਿਰ ਉਹ 2018 ਵਿਚ ਮੁੜ ਸੱਤਾ ਵਿਚ ਆਏ।


Vandana

Content Editor

Related News