''ਮਾਝਾ ਯੂਥ ਕਲੱਬ ਬ੍ਰਿਸਬੇਨ'' ਵੱਲੋਂ ਖੂਨ ਦਾਨ ਕੈਂਪ ਆਯੋਜਿਤ

10/05/2020 11:43:54 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਪੀੜਤਾਂ ਲਈ ਖੂਨ ਦੀ ਪੂਰਤੀ ਹਿੱਤ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਖੂਨ ਦਾਨ ਕੈਂਪ (ਬਲੱਡ ਡੋਨੇਸ਼ਨ ਡਰਾਈਵ 2020) ਦੀ ਅਰੰਭਤਾ ਕੀਤੀ ਗਈ, ਜੋ ਕਿ ਅਗਲੇ ਤਿੰਨ ਮਹੀਨਿਆਂ (ਅਕਤੂਬਰ, ਨਵੰਬਰ ਅਤੇ ਦਸੰਬਰ) ਤੱਕ ਜਾਰੀ ਰਹੇਗਾ। ਇਸ ਕੈਂਪ ਦੇ ਸ਼ੁਰੂਆਤੀ ਦਿਨ 30 ਦੇ ਕਰੀਬ ਵਲੰਟੀਅਰਾਂ ਵਲੋਂ ਮਾਨਵਤਾ ਦੀ ਭਲਾਈ ਤੇ ਸ਼ਾਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਖੂਨਦਾਨ ਦਾ ਮਹਾਂ-ਦਾਨ ਕੀਤਾ ਗਿਆ ਤੇ ਕਲੱਬ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। 

PunjabKesari

ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਬਾਬਤ ਸਮੂਹ ਭਾਈਚਾਰਿਆਂ ਨੂੰ ਖੂਨ ਦਾਨ ਦੇ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਣਾਮ ਸਿੰਘ ਹੇਅਰ ਵਲੋਂ ਰੈੱਡ ਰਾਕੇਟ ਸਪਰਿੰਗਵੁੱਡ ਵਿਖੇ ਪਤਵੰਤਿਆਂ ਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਮਾਝਾ ਯੂਥ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮੰਤਰੀ ਮਾਈਕਲ ਡੀ ਬਰੇਨੀ ਵਲੋਂ ਆਪਣੇ ਸੰਬੋਧਨ 'ਚ ਖੂਨ ਦਾਨੀ ਵਲੰਟੀਅਰਾਂ ਤੇ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਕਰਨ ਨਾਲ ਵਿਦੇਸ਼ਾਂ ਵਿਚ ਭਾਈਚਾਰਕ ਏਕਤਾ ਤੇ ਮਿਲਵਰਤਣ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜੋ ਕਿ ਅਜੋਕੇ ਦੌਰ ਵਿਚ ਬਹੁਤ ਹੀ ਜ਼ਰੂਰੀ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ: ਪਾਸਪੋਰਟਾਂ ਦੀ ਸ਼੍ਰੇਣੀ 'ਚ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਬਣਿਆ 'ਕੀਵੀ ਪਾਸਪੋਰਟ'

ਗੌਰਤਲਬ ਹੈ ਕਿ ਆਸਟ੍ਰੇਲੀਅਨ ਰੈੱਡ ਕਰਾਸ ਵੱਲੋਂ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਖੂਨ ਦਾਨ ਕੈਂਪ ਦੀ ਸਫਲਤਾ ਲਈ ਮਾਝਾ ਯੂਥ ਕਲੱਬ ਬ੍ਰਿਸਬੇਨ ਤੋਂ ਬਲਰਾਜ ਸਿੰਘ, ਪ੍ਰਣਾਮ ਸਿੰਘ ਹੇਅਰ, ਹਰਜੀਵਨ ਸਿੰਘ ਨਿੱਝਰ, ਗੁਰਪ੍ਰੀਤ ਬੱਲ, ਸਰਵਣ ਸਿੰਘ , ਬਿਬਨ ਰੰਧਾਵਾ , ਇੰਦਰਬੀਰ ਸਿੰਘ, ਜੱਗਾ ਵੜੈਚ, ਸਾਬ ਛੀਨਾ , ਮੱਲੂ ਗਿੱਲ , ਸੁਰਿੰਦਰ ਸਿੰਘ, ਤੇਜਪਾਲ ਸਿੰਘ, ਅਤਿੰਦਰਪਾਲ , ਰਣਜੀਤ ਸਿੰਘ , ਆਕਾਸ਼ਦੀਪ, ਅਮਰਿੰਦਰ ਅੱਮੂ , ਨਵ ਵੜੈਚ , ਜਤਿੰਦਰਪਾਲ , ਪੰਮਾ ਗਿੱਲ , ਨਵਦੀਪ, ਅਮਨ ਛੀਨਾਂ, ਲਖਬੀਰ ਬੱਲ , ਜੈਲਦਾਰ,ਗੁਰਜੀਤ ਸਿੰਘ ,ਮਨਦੀਪ , ਮਨ ਖਹਿਰਾ, ਸ਼ੈਰੀ ਧੋਲ, ਰਣਦੀਪ ਸਿੰਘ, ਰਮਨਦੀਪ ਆਦਿ ਵਲੰਟੀਅਰਾਂ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕਲੱਬ ਵਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।ਇਸ ਖੂਨਦਾਨ ਕੈਂਪ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਹੈ। ਇਸ ਮੌਕੇ ਸੰਸਦ ਮੈਂਬਰ ਅਤੇ ਹੋਰ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।


Vandana

Content Editor

Related News