ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਮਹਿੰਦਾ ਤੇ ਬੇਸਿਲ ਰਾਜਪਕਸ਼ੇ ’ਤੇ ਯਾਤਰਾ ਬੈਨ 5 ਸਤੰਬਰ ਤਕ ਵਧਾਇਆ
Wednesday, Aug 10, 2022 - 04:08 PM (IST)
ਕੋਲੰਬੋ (ਭਾਸ਼ਾ)– ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਤੇ ਉਸ ਦੇ ਛੋਟੇ ਭਰਾ ਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ’ਤੇ ਵਿਦੇਸ਼ ਯਾਤਰਾ ਬੈਨ ਦੀ ਸਮਾਂ ਹੱਦ 5 ਸਤੰਬਰ ਤਕ ਵਧਾ ਦਿੱਤੀ ਹੈ। ਦੋਵਾਂ ਨੂੰ ਸ਼੍ਰੀਲੰਕਾ ’ਚ ਮੌਜੂਦਾ ਆਰਥਿਕ ਸੰਕਟ ਲਈ ਵਿਆਪਕ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ 1 ਅਗਸਤ ਨੂੰ ਉਸ ਸਮੇਂ ਰਾਜਪਕਸ਼ੇ ਤੇ ਉਸ ਦੇ ਛੋਟੇ ਭਰਾ ’ਤੇ ਵਿਦੇਸ਼ ਯਾਤਰਾ ਬੈਨ 4 ਅਗਸਤ ਤਕ ਵਧਾ ਦਿੱਤਾ ਸੀ, ਜਦੋਂ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਜਾਂਚ ਦੇ ਹੁਕਮ ਜਾਰੀ ਕਰਨ ਲਈ ਅਦਾਲਤ ਕੋਲੋਂ ਬੇਨਤੀ ਕਰਨ ਵਾਲੀ ਪਟੀਸ਼ਨ ਨਾਲ ਸਬੰਧਤ ਇਕ ਮਤਾ ਆਇਆ ਸੀ।
ਅਦਾਲਤ ਨੇ 3 ਅਗਸਤ ਨੂੰ ਇਕ ਵਾਰ ਮੁੜ ਇਹ ਸਮਾਂ ਹੱਦ 11 ਅਗਸਤ ਤਕ ਲਈ ਵਧਾਈ ਸੀ। ਇਕ ਵੈੱਬਸਾਈਟ ਨੇ ਟਵੀਟ ਕੀਤਾ, ‘‘ਮਹਿੰਦਾ ਤੇ ਬੇਸਿਲ ’ਤੇ ਲਗਾਏ ਗਏ ਯਾਤਰਾ ਬੈਨ ਨੂੰ ਸੁਪਰੀਮ ਕੋਰਟ ਨੇ 5 ਸਤੰਬਰ ਤਕ ਵਧਾ ਦਿੱਤਾ ਹੈ।’’ ਸੀਲੋਨ ਚੈਂਬਰ ਆਫ ਕਾਮਰਸ ਦੇ ਸਾਬਕਾ ਮੁਖੀ ਚੰਦਰ ਜਯਰਤਨੇ, ਸ਼੍ਰੀਲੰਕਾ ਦੇ ਸਾਬਕਾ ਤੈਰਾਕੀ ਚੈਂਪੀਅਨ ਜੂਲੀਅਨ ਬੋਲਿੰਗ ਤੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਸ਼੍ਰੀਲੰਕਾ ਦੇ ਇਕ ਸਮੂਹ ਦੀ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਬੇਸਿਲ, ਮਹਿੰਦਾ ਤੇ ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਅਜਿਤ ਨਿਵਾਰਡ ਕਾਬਰਾਲ ਸ਼੍ਰੀਲੰਕਾ ’ਚ ਆਰਥਿਕ ਸੰਕਟ ਲਈ ਸਿੱਧੇ ਜ਼ਿੰਮੇਵਾਰ ਸਨ।
ਇਹ ਖ਼ਬਰ ਵੀ ਪੜ੍ਹੋ : ਭਾਰਤੀਆਂ ਲਈ ਚੰਗੀ ਖ਼ਬਰ, UAE ਤੋਂ ਭਾਰਤ ਲਈ ਹਵਾਈ ਕਿਰਾਏ 'ਚ ਭਾਰੀ ਗਿਰਾਵਟ
ਪਟੀਸ਼ਨਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੀਆਂ ਗਲਤ ਨੀਤੀਆਂ ਕਾਰਨ ਪੈਦਾ ਮੌਜੂਦਾ ਆਰਥਿਕ ਸੰਕਟ ਕਾਰਨ ਅਨਾਜ, ਬਾਲਣ ਤੇ ਦਵਾਈਆਂ ਵਰਗੀਆਂ ਬੁਨਿਆਦੀ ਵਸਤਾਂ ਦੀ ਭਾਰੀ ਘਾਟ ਹੋ ਗਈ ਹੈ। ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ 15 ਜੁਲਾਈ ਨੂੰ ਤਿੰਨਾਂ ਦੇ 28 ਜੁਲਾਈ ਤਕ ਦੇਸ਼ ਛੱਡਣ ’ਤੇ ਰੋਕ ਲਗਾ ਦਿੱਤੀ ਸੀ। ਬਾਅਦ ’ਚ ਇਸ ਬੈਨ ਨੂੰ 2 ਅਗਸਤ ਤਕ ਲਈ ਵਧਾ ਦਿੱਤਾ ਗਿਆ ਸੀ।
ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਤੇ ਮਹਿੰਦਾ ਤੇ ਬੇਸਿਲ ਦੇ ਭਰਾ ਗੋਟਬਾਯਾ ਰਾਜਪਕਸ਼ੇ ਮਾਲਦੀਵ ਦੇ ਰਸਤੇ ‘ਨਿੱਜੀ ਯਾਤਰਾ’ ’ਤੇ 14 ਜੁਲਾਈ ਨੂੰ ਸਿੰਗਾਪੁਰ ਪਹੁੰਚੇ ਸਨ। ਉਹ ਆਪਣੀ ਸਰਕਾਰ ਦੇ ਆਰਥਿਕ ਪ੍ਰਬੰਧਾਂ ਖ਼ਿਲਾਫ਼ ਹੋਏ ਵਿਰੋਧ ਤੋਂ ਬਚਣ ਲਈ ਆਪਣੇ ਦੇਸ਼ ਤੋਂ ਭੱਜ ਗਏ ਸਨ। ਰਾਜਪਕਸ਼ੇ ਨੂੰ ਸਿੰਗਾਪੁਰ ਵਲੋਂ ਇਕ ਨਵਾਂ ਵੀਜ਼ਾ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਉਥੇ ਉਨ੍ਹਾਂ ਦਾ ਵੀਜ਼ਾ 11 ਅਗਸਤ ਤਕ ਵਧਾ ਦਿੱਤਾ ਗਿਆ ਹੈ। ਸ਼੍ਰੀਲੰਕਾ ਦਾ ਕੁਲ ਵਿਦੇਸ਼ੀ ਕਰਜ਼ 51 ਅਰਬ ਡਾਲਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।