ਇਟਲੀ ''ਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ

10/08/2019 11:38:24 AM

ਰੋਮ, (ਕੈਂਥ)— ਇਟਲੀ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਕਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤੇ ਗਏ ,ਜਿਨ੍ਹਾਂ ਵਿੱਚ ਇਟਾਲੀਅਨ ਸੈਨੇਟ ਵਿਖੇ ਵਿਸ਼ੇਸ਼ ਸਮਾਗਮ ਹੋਇਆ। ਸੈਨੇਟ ਸਪੀਕਰ ਮਾਨਯੋਗ ਮਰੀਆ ਏਲੀਸਾਬੇਤਾ ਅਲਬੇਰਟੀ ਕੈਸੇਲਾਤੀ ਨੇ ਮਹਾਤਮਾ ਗਾਂਧੀ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਕਿਹਾ ਕਿ ਗਾਂਧੀ ਜੀ ਨੇ ਦੁਨੀਆ ਨੂੰ ਅਮਨ ਦੇ ਰਾਹ 'ਤੇ ਚੱਲਣਾ ਸਿਖਾਇਆ। ਇਸ ਸਮਾਰੋਹ ਨੂੰ ਸੇਨਾਤੋਰ ਪੀਅਰ ਫਰਦੀਨਾਨਦੋ ਕੈਸੀਨੀ ਪ੍ਰਧਾਨ ਇੰਟਰ-ਪਾਰਲੀਮੈਂਟ ਯੂਨੀਅਨ, ਸੇਨਾਤੋਰ ਰੋਬੇਰਟਾ ਪੀਨੋਤੀ ਪ੍ਰਧਾਨ ਇਟਲੀ ਇੰਡੀਆ ਪਾਰਲੀਮੈਂਟ ਫਰੈਂਡਸ਼ਿਪ ਗਰੁੱਪ, ਅਤੇ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ, ਨੇ ਸੰਬੋਧਿਤ ਕਰਦਿਆਂ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦੀ ਗੱਲ ਕੀਤੀ।ਸਮਾਰੋਹ ਵਿੱਚ ਕਈ ਪਾਰਲੀਆਮੈਂਟ ਮੈਂਬਰਾਂ, ਰਾਜਦੂਤ ਸਾਹਿਬਾਨ ਅਤੇ ਇਟਾਲੀਅਨ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
 

PunjabKesari

ਮੈਡਮ ਰੀਨਤ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਪੂਰੀ ਦੁਨੀਆਂ ਲਈ ਵਿੱਲਖਣ ਸ਼ਖ਼ਸੀਅਤ ਸਨ, ਜਿਨ੍ਹਾਂ ਕਿ ਅਹਿੰਸਾ ਨਾਲ ਆਜ਼ਾਦੀ ਦੀ ਲੜਾਈ ਲੜਕੇ ਮਿਸਾਲ ਕਾਇਮ ਕੀਤੀ ਸੀ। ਅਜਿਹੇ ਯੁੱਗਪੁਰਸ਼ ਦੁਨੀਆ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ। ਮਹਾਤਮਾ ਗਾਂਧੀ ਨੇ ਲੋਕਾਂ ਨੂੰ ਆਪਣੇ ਸਾਧਾਰਨ ਜੀਵਨ ਰਾਹੀਂ ਪ੍ਰੇਰਿਤ ਕੀਤਾ। ਪਹਿਲੀ ਵਾਰ ਔਰਤਾਂ ਵੀ ਘਰੋਂ ਬਾਹਰ ਨਿਕਲ ਕੇ ਅਜ਼ਾਦੀ ਦੀ ਲੜਾਈ ਲਈ ਅੱਗੇ ਆਈਆਂ।
 

PunjabKesari

ਰੋਮ ਸ਼ਹਿਰ ਵਿਖੇ ਸਥਿਤ ਗਾਂਧੀ ਚੌਂਕ ਵਿਖੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ, ਇਟਾਲੀਅਨ ਅਫ਼ਸਰ ਸਾਹਿਬਾਨ, ਇਟਾਲੀਅਨ ਹਿੰਦੂ ਯੂਨੀਅਨ ਅਤੇ ਵਿਵੋਨਾ ਸਕੂਲ ਵੱਲੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ। ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿਤ ਵੀਵੋਨਾ ਹਾਈ ਸਕੂਲ ਨੇ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਜਿਸ ਵਿੱਚ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ 'ਵੈਸ਼ਨਵ ਜਨ ਤੋਂ' ਅਤੇ 'ਰਘੂਪਤੀ ਰਾਘਵ ਰਾਜਾ ਰਾਮ' ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਗਾਏ ਗਏ। ਇਸ ਮੌਕੇ ਸਕੂਲ ਵੀਵੋਨਾ ਨੇ ਮਹਾਤਮਾ ਗਾਂਧੀ ਚੌਂਕ ਰੋਮ ਦੀ ਭੱਵਿਖ ਵਿੱਚ ਸਾਂਭ-ਸੰਭਾਲ ਕਰਨ ਦਾ ਐਲਾਨ ਕੀਤਾ।
 

PunjabKesari

ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਵਿਸ਼ੇਸ਼ ਰੂਪ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਮਹਾਤਮਾ ਗਾਂਧੀ ਨੂੰ ਇਕ ਪੁਲ ਸਮਰਪਿਤ ਕੀਤਾ ਗਿਆ। ਫਿਰੈਂਸੇ ਸ਼ਹਿਰ ਵਿੱਚ ਬਣਾਇਆ ਇਹ ਪੁਲ ਹੁਣ ਮਹਾਤਮਾ ਗਾਂਧੀ ਦੇ ਨਾਮ ਤੋਂ ਜਾਣਿਆ ਜਾਵੇਗਾ। ਮਿਲਾਨ ਵਿਖੇ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੌਂਸਲ ਜਨਰਲ ਬਿਨੌਏ ਜੌਰਜ, ਸਥਾਨਕ ਅਧਿਕਾਰੀ ਅਤੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਕਈ ਲੋਕ ਸ਼ਾਮਿਲ ਹੋਏ।


Related News