ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਉੱਤਰ-ਪੱਛਮੀ ਪਾਕਿਸਤਾਨ
Saturday, Aug 10, 2019 - 02:26 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਨੈਸ਼ਨਲ ਸਿਸਮਿਕ ਮਾਨੀਟਰਿੰਗ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਕਈ ਇਲਾਕਿਆਂ 'ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਸਥਾਨਕ ਸਮੇਂ ਮੁਤਾਬਕ ਸਵੇਰੇ 11:43 ਵਜੇ ਮਹਿਸੂਸ ਕੀਤਾ ਗਿਆ। ਵਿਭਾਗ ਵਲੋਂ ਦੱਸਿਆ ਗਿਆ ਕਿ ਇਸ ਭੂਚਾਲ ਦੇ ਝਟਕੇ ਉੱਤਰ-ਪੱਛਮੀ ਪਾਕਿਸਤਾਨੀ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਤੇ ਇਸ ਦਾ ਕੇਂਦਰ ਜ਼ਮੀਨ ਤੋਂ 70 ਕਿਲੋਮੀਟਰ ਦੀ ਗਹਿਰਾਈ 'ਤੇ ਸੀ।
ਸ਼ਿਨਹੂਆ ਪੱਤਰਕਾਰ ਏਜੰਸੀ ਨੇ ਇਸ ਸਬੰਧੀ ਆਪਣੀ ਖਬਰ 'ਚ ਕਿਹਾ ਕਿ ਭੂਚਾਲ ਦੇ ਝਟਕੇ ਖੈਬਰ-ਪਖਤੂਨਖਵਾ, ਇਸਲਾਮਾਬਾਦ ਤੇ ਪੰਜਾਬ ਦੇ ਕੁਝ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਘਬਰਾਏ ਲੋਕ ਖੁੱਲ੍ਹੇ ਮੈਦਾਨ 'ਚ ਆ ਗਏ। ਅਜੇ ਤੱਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਵਿਭਾਗ ਨੇ ਦੱਸਿਆ ਕਿ ਪਾਕਿਸਤਾਨ 'ਚ ਤਿੰਨ ਦਿਨਾਂ ਅੰਦਰ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਪਾਕਿਸਤਾਨ 'ਚ ਭੂਚਾਲ ਆਇਆ ਸੀ।