ਅਮਰੀਕਾ : ਲਾਸ ਏਂਜਲਸ ਦੇ ਮੇਅਰ ਨੇ ਗੋਡਿਆਂ ਭਾਰ ਬੈਠ ਕੇ ਕੀਤਾ ਪ੍ਰਦਰਸ਼ਨ

06/03/2020 6:44:02 PM

ਲਾਸ ਏਂਜਲਸ- ਅਮਰੀਕਾ ਦੇ ਲਾਸ ਏਂਜਲਸ ਵਿਚ ਸੜਕਾਂ 'ਤੇ ਮੰਗਲਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਾਂਤੀਪੂਰਣ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਪੂਰੇ ਕੈਲੀਫੋਰਨੀਆ ਸੂਬੇ ਵਿਚ ਛੋਟੇ ਪੱਧਰ 'ਤੇ ਪ੍ਰਦਰਸ਼ਨ ਹੋਏ ਅਤੇ ਅਧਿਕਾਰੀਆਂ ਨੇ ਲਾਸ ਏਂਜਲਸ ਸਣੇ ਉਨ੍ਹਾਂ ਖੇਤਰਾਂ ਵਿਚ ਰਾਤ ਤੋਂ ਕਰਫਿਊ ਲਗਵਾਇਆ, ਜਿੱਥੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ ਸੀ।

ਲਾਸ ਏਂਜਲਸ ਵਿਚ ਮੇਅਰ ਐਰਿਕ ਗਾਰਸੇਟੀ ਨੇ ਭੀੜ ਨਾਲ ਪੁਲਸ ਸਟੇਸ਼ਨ ਦੇ ਅੱਗੇ ਗੋਡਿਆਂ ਦੇ ਭਾਰ ਬੈਠ ਕੇ ਪ੍ਰਦਰਸ਼ਨ ਕੀਤਾ। ਬਾਅਦ ਵਿਚ ਸੈਂਕੜੇ ਲੋਕਾਂ ਨੇ ਗਾਰਸੇਟੀ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਸ਼ਹਿਰ ਵਿਚ ਪੁਲਸ ਨੇ ਸੈਂਕੜੇ ਪ੍ਰਦਰਸ਼ਨਾਕਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਬਾਅਦ ਵਿਚ ਦਰਜਨਾਂ ਹੋਰ ਲੋਕਾਂ ਨੂੰ ਕਰਫਿਊ ਦਾ ਉਲੰਘਣ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ। 

ਮੰਗਲਵਾਰ ਨੂੰ ਹਜ਼ਾਰਾਂ ਲੋਕ ਲਾਸ ਏਂਜਲਸ ਪੁਲਸ ਸਟੇਸ਼ਨ ਅੱਗੇ ਇਕੱਠੇ ਹੋਏ। ਮੇਅਰ ਗਾਰਸੇਟੀ ਵੀ ਗੋਡਿਆਂ ਦੇ ਭਾਰ ਬੈਠ ਗਏ। ਪ੍ਰਦਰਸ਼ਨਕਾਰੀਆਂ ਵਲੋਂ ਪੁਲਸ ਬਜਟ ਵਿਚ ਕਟੌਤੀ ਦੀ ਮੰਗ ਨੂੰ ਸੁਣ ਕੇ ਮੇਅਰ ਨੇ ਕਿਹਾ, "ਮੈਂ ਸੁਣ ਰਿਹਾ ਹਾਂ ਤੁਸੀਂ ਪੁਲਸ ਬਾਰੇ ਜੋ ਵੀ ਕਹਿ ਰਹੇ ਹੋ।"
ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ-ਅਫਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਵਾਰ-ਵਾਰ ਪੁਲਸ ਵਾਲੇ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੇ ਹੀ ਰੱਖਿਆ ਤੇ ਇਸ ਮਗਰੋਂ ਜਾਰਜ ਦੀ ਮੌਤ ਹੋ ਗਈ। ਇਸ ਨਸਲੀ ਹਿੰਸਾ ਨੂੰ ਰੋਕਣ ਲਈ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਦੋਸ਼ੀ ਪੁਲਸ ਅਧਿਕਾਰੀ ਹਿਰਾਸਤ ਵਿਚ ਹੈ ਤੇ ਉਸ ਨੂੰ ਅਗਲੇ ਹਫਤੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ ਸਣੇ ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 
ਸ਼ਹਿਰ ਵਿਚ ਹੋਰ ਸਥਾਨਾਂ 'ਤੇ ਨੈਸ਼ਨਲ ਗਾਰਡਜ਼ ਨਾਲ ਮਿਲ ਕੇ ਪੁਲਸ ਨੇ ਹਾਲੀਵੁੱਡ ਦੇ ਪ੍ਰਦਰਸ਼ਨਕਾਰੀਆਂ 'ਤੇ ਸਖਤ ਨਜ਼ਰ ਰੱਖੀ, ਜਿੱਥੇ ਪਿਛਲੇ ਦਿਨ ਪੁਲਸ ਨੇ ਸੈਂਕੜਿਆਂ ਨੂੰ ਹਿਰਾਸਤ ਵਿਚ ਲਿਆ ਸੀ। 
 


Sanjeev

Content Editor

Related News