ਲੰਡਨ ਸਥਿਤ ਪੁਲਿਸ ਹੈੱਡਕੁਆਰਟਰ ਅੱਗੇ ਸਮੂਹਿਕ ਜੱਫੀ ਪਾ ਕੇ ਲਾਕਡਾਊਨ ਦਾ ਵਿਰੋਧ ਪ੍ਰਦਰਸ਼ਨ
Sunday, May 03, 2020 - 03:45 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ): ਲੰਡਨ ਸਥਿਤ ਮੈਟਰੋਪੁਲਿਟਨ ਪੁਲਿਸ ਹੈੱਡਕੁਆਰਟਰ ਅੱਗੇ ਸਮੂਹਿਕ ਤੌਰ 'ਤੇ ਜੱਫੀ ਪਾ ਕੇ ਲਾਕਡਾਊਨ ਦਾ ਵਿਰੋਧ ਪ੍ਰਦਰਸ਼ਨ ਹੋਣ ਦਾ ਸਮਾਚਾਰ ਹੈ। ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਸ 'ਤੇ ਪੁਲਿਸ ਕਰਮੀ ਦੀ ਗੱਲ ਨਾ ਮੰਨਣ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਹਨ। 20 ਦੇ ਲਗਭਗ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ "ਲਾਕਡਾਊਨ ਨਹੀਂ", "ਮੇਰਾ ਸਰੀਰ ਮੇਰੀ ਮਰਜੀ", "ਅਸੀਂ ਇਜਾਜ਼ਤ ਨਹੀਂ ਦਿੰਦੇ" ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੀ.ਐੱਮ. ਦਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ 'ਚ ਸਨ ਡਾਕਟਰ
ਵਿਕਟੋਰੀਆ ਐਮਬੈਂਕਮੈਂਟ ਵਿਖੇ ਇਕੱਤਰ ਹੋਏ ਇਹਨਾਂ ਲੋਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਦਾਇਤ ਦੀ ਪਾਲਣਾ ਕਰਦਿਆਂ ਮਾਸਕ ਵਗੈਰਾ ਵੀ ਨਹੀਂ ਪਹਿਨੇ ਹੋਏ ਸਨ। ਹੈਰਾਨੀ ਦੀ ਗੱਲ ਇਹ ਕਿ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਸਾਵਧਾਨੀ ਵਰਤੀ ਗਈ ਦਿਖਾਈ ਨਹੀਂ ਦੇ ਰਹੀ ਸੀ। ਪੁਲਿਸ ਵੱਲੋਂ ਉਹਨਾਂ ਨੂੰ ਸਰਕਾਰੀ ਹਦਾਇਤਾਂ ਨੂੰ ਮੰਨਣ ਤੇ ਘਰ ਚਲੇ ਜਾਣ ਦੀਆਂ ਬੇਨਤੀਆਂ ਕੀਤੀਆਂ ਜਾਂਦੀਆਂ ਰਹੀਆਂ। ਜ਼ਿਕਰਯੋਗ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਦੂਜੇ ਨੂੰ ਅਤੇ ਫਿਰ ਸਮੂਹਿਕ ਰੂਪ ਵਿੱਚ ਜੱਫੀ ਪਾ ਕੇ ਸਰਕਾਰੀ ਹਦਾਇਤਾਂ ਦਾ ਮੂੰਹ ਚਿੜਾਇਆ ਗਿਆ।