ਹੈਰੀ ਪੌਟਰ ਦੀ ਲੇਖਿਕਾ ਨੇ ਦਾਨ ਕੀਤੇ 130 ਕਰੋੜ ਰੁਪਏ
Friday, Sep 13, 2019 - 05:14 PM (IST)

ਲੰਡਨ (ਭਾਸ਼ਾ)— ਲੋਕਪ੍ਰਿਅ ਹੈਰੀ ਪੋਟਰ ਦੀ ਸੀਰੀਜ਼ ਲੇਖਿਕਾ ਜੇ.ਕੇ. ਰੋਲਿੰਗ ਨੇ ਮਲਟੀਪਲ ਸਕਲੇਰੋਸਿਸ ਬੀਮਾਰੀ ਦੇ ਇਲਾਜ ਨਾਲ ਜੁੜੀ ਖੋਜ ਲਈ 1.53 ਕਰੋੜ ਪੌਂਡ ਮਤਲਬ 130 ਕਰੋੜ ਰੁਪਏ ਦੀ ਰਾਸ਼ੀ ਦਾਨ ਵਿਚ ਦਿੱਤੀ ਹੈ। ਰੋਲਿੰਗ ਨੇ ਆਪਣੀ ਮਰਹੂਮ ਮਾਂ ਦੇ ਨਾਮ 'ਤੇ ਸਥਾਪਿਤ ਇਕ ਸੈਂਟਰ ਨੂੰ ਇਹ ਰਾਸ਼ੀ ਦਾਨ ਵਜੋਂ ਦਿੱਤੀ ਹੈ ਜੋ ਸਕਾਟਲੈਂਡ ਵਿਚ ਯੂਨੀਵਰਸਿਟੀ ਆਫ ਐਡਿਨਬਰਗ ਦੇ ਖੋਜ ਕੇਂਦਰ ਵਿਚ ਕੰਮ ਕਰ ਰਿਹਾ ਹੈ।
ਲੇਖਿਕਾ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਦਾਨ ਰਾਸ਼ੀ ਸਕਾਟਲੈਂਡ ਵਿਚ ਯੂਨੀਵਰਸਿਟੀ ਆਫ ਐਡਿਨਬਰਗ ਦੇ ਖੋਜ ਕੇਂਦਰ ਵਿਚ ਮਲਟੀਪਲ ਸਕਲੇਰੋਸਿਸ ਬੀਮਾਰੀ ਦੇ ਇਲਾਜ ਨਾਲ ਜੁੜੀ ਖੋਜ ਲਈ ਵਰਤੀ ਜਾਵੇਗੀ। ਰੋਲਿੰਗ ਦੀ ਮਾਂ ਨੂੰ ਮਲਟੀਪਲ ਸਕਲੇਰੋਸਿਸ ਦੀ ਬੀਮਾਰੀ ਸੀ, ਜਿਸ ਨਾਲ 45 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਰੋਲਿੰਗ ਨੇ 2010 ਵਿਚ ਐਨੀ ਰੋਲਿੰਗ ਕਲੀਨਿਕ ਦੀ ਸਥਾਪਨਾ ਲਈ ਵੀ ਵੱਡੀ ਰਾਸ਼ੀ ਦਾਨ ਵਿਚ ਦਿੱਤੀ ਸੀ।