ਬੈਲਜੀਅਮ ਦੇ ਚਿੜੀਆਘਰ ਵਿਚ ਬਾੜੇ ਤੋਂ ਨਿਕਲੀ ਸ਼ੇਰਨੀ, ਮਾਰੀ ਗਈ ਗੋਲੀ
Thursday, Jun 21, 2018 - 09:28 PM (IST)

ਬ੍ਰਸੇਲਸ (ਏਜੰਸੀ)- ਬੈਲਜੀਅਮ ਦੇ ਚਿੜੀਆਘਰ ਵਿਚ ਵੀਰਵਾਰ ਸਵੇਰੇ ਇਕ ਸ਼ੇਰਨੀ ਦੇ ਆਪਣੇ ਬਾੜੇ ਤੋਂ ਬਾਹਰ ਨਿਕਲਣ ਉਤੇ ਹੜਕੰਪ ਮਚ ਗਿਆ। ਉਥੇ ਮੌਜੂਦ ਲੋਕਾਂ ਨੂੰ ਤੁਰੰਤ ਬਾਹਰ ਕੱਢ ਕੇ ਚਿੜੀਆਘਰ ਨੂੰ ਬੰਦ ਕਰ ਦਿੱਤਾ ਗਿਆ। ਸ਼ੇਰਨੀ ਨੂੰ ਕਾਬੂ ਕਰਨ ਵਿਚ ਅਸਫਲ ਰਹਿਣ 'ਤੇ ਚਿੜੀਆਘਰ ਦੇ ਮੁਲਾਜ਼ਮਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਲੈਨਕੇਨਡਾਈਲ ਨਾਮਕ ਜਿਸ ਚਿੜੀਆਘਰ ਵਿਚ ਇਹ ਘਟਨਾ ਹੋਈ ਉਹ ਰਾਜਧਾਨੀ ਬ੍ਰਸੇਲਸ ਤੋਂ 30 ਕਿਲੋਮੀਟਰ ਉੱਤਰ ਵਿਚ ਸਥਿਤ ਹੈ। ਚਿੜੀਆਘਰ ਦੀ ਬੁਲਾਰਣ ਮੁਤਾਬਕ, ਸ਼ੇਰਨੀ ਜਿਸ ਵੇਲੇ ਬਾੜੇ ਤੋਂ ਬਾਹਰ ਨਿਕਲੀ, ਚਿੜੀਆਘਰ ਵਿਚ ਜ਼ਿਆਦਾ ਸੈਲਾਨੀ ਨਹੀਂ ਸਨ। ਕੁਝ ਬੱਚਿਆਂ ਨੂੰ ਕਾਰ ਪਾਰਕਿੰਗ ਵਿਚ ਇਕ ਬੱਸ ਵਿਚ ਸੁਰੱਖਿਅਤ ਰੱਖਿਆ ਗਿਆ।
ਸ਼ੇਰਨੀ ਤੋਂ ਬਾਹਰ ਨਹੀਂ ਨਿਕਲੀ ਇਸ ਲਈ ਖਤਰੇ ਦੀ ਕੋਈ ਗੱਲ ਨਹੀਂ ਸੀ। ਚਿੜੀਆਘਰ ਦੇ ਮੁਲਾਜ਼ਮਾਂ ਨੇ ਸ਼ੇਰਨੀ ਨੂੰ ਕਾਬੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਸ਼ੂਆਂ ਦੇ ਡਾਕਟਰਾਂ ਦੀ ਮਦਦ ਨਾਲ ਦੋ ਵਾਰ ਉਸ ਨੂੰ ਬੇਹੋਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ। ਅਖੀਰ ਵਿਚ ਉਸ ਉੱਤੇ ਗੋਲੀ ਚਲਾਉਣੀ ਪਈ ਤਾਂ ਜੋ ਉਹ ਕਿਸੇ ਲਈ ਖਤਰਾ ਨਾ ਬਣੇ।