ਲੀਬੀਆ : ਹਵਾਈ ਹਮਲੇ ''ਚ 7 ਮੋਰੱਕੋ ਵਾਸੀਆਂ ਦੀ ਮੌਤ
Sunday, Jul 07, 2019 - 08:29 PM (IST)

ਰਬਾਤ - ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਪੂਰਬੀ ਇਲਾਕੇ 'ਚ ਸਥਿਤ ਤਜੋਓਰਾ ਦੇ ਇਕ ਰਾਹਤ ਕੈਂਪ 'ਤੇ ਹੋਏ ਹਵਾਈ ਹਮਲੇ 'ਚ ਮੋਰੱਕੋ ਦੇ 7 ਪ੍ਰਵਾਸੀ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਮੋਰੱਕੋ ਵਿਦੇਸ਼ ਮੰਤਰਾਲੇ ਵੱਲੋਂ ਸ਼ਨੀਵਾਰ ਦੇਰ ਰਾਤ ਜਾਰੀ ਬਿਆਨ 'ਚ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਜਦੋਂ ਹਵਾਈ ਹਮਲਾ ਹੋਇਆ ਉਸ ਸਮੇਂ ਰਾਹਤ ਕੈਂਪ 'ਚ 18 ਮੋਰੱਕੋ ਪ੍ਰਵਾਸੀ ਮੌਜੂਦ ਸਨ। ਹਮਲੇ 'ਚ 8 ਲੋਕ ਜ਼ਖਮੀ ਹੋਏ ਹਨ ਜਦਕਿ 3 ਹੋਰ ਪ੍ਰਵਾਸੀ ਲਾਪਤਾ ਹਨ। ਮੋਰੱਕੋ ਨੇ ਆਖਿਆ ਕਿ ਜ਼ਖਮੀਆਂ ਨੂੰ ਕੱਢਣ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਲੀਬੀਆ ਦੇ ਅਧਿਕਾਰੀ ਕੰਮ ਕਰ ਰਹੇ ਹਨ। ਲੀਬੀਆ ਅਫਰੀਕੀ ਅਤੇ ਅਰਬ ਦੇਸ਼ਾਂ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਸਮੁੰਦਰੀ ਰਸਤੇ ਰਾਹੀਂ ਯੂਰਪ ਜਾਣ ਦਾ ਮੁੱਖ ਥਾਂ ਰਿਹਾ ਹੈ।
ਪ੍ਰਵਾਸੀਆਂ 'ਚੋਂ ਕਈਆਂ ਨੂੰ ਯੂਰਪੀ ਸੰਘ ਵੱਲੋਂ ਵਿੱਤ ਪੋਸ਼ਿਤ ਲੀਬੀਆ ਦੇ ਤੱਟ ਰੱਖਿਅਕਾਂ ਵੱਲੋਂ ਰੋਕ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੀਬੀਆ 'ਚ ਹਿਰਾਸਤ ਕੇਂਦਰਾਂ 'ਚ ਹਿਰਾਸਤ 'ਚ ਰੱਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਨੂੰ ਵੀ ਤਜੋਓਰਾ ਸਥਿਤ ਪ੍ਰਵਾਸੀਆਂ ਦੇ ਕੈਂਪ 'ਤੇ ਹਵਾਈ ਹਮਲਾ ਕਰ ਘਟੋਂ-ਘੱਟ 53 ਲੋਕਾਂ ਨੂੰ ਢੇਰ ਕਰ ਦਿੱਤਾ ਗਿਆ ਸੀ ਅਤੇ 130 ਹੋਰ ਪ੍ਰਵਾਸੀ ਜ਼ਖਮੀ ਹੋਏ ਸਨ।