ਕੈਨੇਡਾ 'ਚ 20 ਲੱਖ ਲੋਕਾਂ 'ਤੇ ਰੋਜ਼ਗਾਰ ਦਾ ਸੰਕਟ, ਸਰਕਾਰ ਨੂੰ ਇੰਨਾ ਘਾਟਾ
Thursday, Jul 09, 2020 - 03:22 PM (IST)
ਓਟਾਵਾ— ਕੈਨੇਡਾ ਸਰਕਾਰ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ 'ਫਿਸਕਲ ਸਨੈਪਸ਼ਾਟ' ਅਨੁਮਾਨ ਅਨੁਸਾਰ ਇਸ ਸਾਲ ਲਗਭਗ 20 ਲੱਖ ਕੈਨੇਡੀਅਨ ਕਾਮੇ ਬੇਰੋਜ਼ਗਾਰ ਰਹਿ ਸਕਦੇ ਹਨ।
ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਆਰਥਿਕ ਸਹਾਇਤਾ ਦੇਣ ਤੇ ਰਾਹਤ ਯੋਜਨਾਵਾਂ ਕਾਰਨ ਟਰੂਡੋ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਸੰਘੀ ਘਾਟਾ 343.2 ਬਿਲੀਅਨ ਡਾਲਰ ਰਹਿਣ ਦਾ ਅਨੁਮਾਨ ਹੈ। ਕੋਰੋਨਾ ਮਹਾਮਾਰੀ ਦਾ ਗਲੋਬਲ ਅਰਥਵਿਵਥਾ 'ਤੇ ਕਿਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਦਸੰਬਰ 2019 'ਚ ਕੈਨੇਡਾ ਸਰਕਾਰ ਨੇ 2020-21 'ਚ 28.1 ਬਿਲੀਅਨ ਡਾਲਰ ਦਾ ਘਾਟਾ ਰਹਿਣ ਦਾ ਅਨੁਮਾਨ ਲਗਾਇਆ ਸੀ।
ਹੁਣ ਤੱਕ ਕੁੱਲ ਮਿਲਾ ਕੇ ਫੈਡਰਲ ਸਰਕਾਰ ਸਿਹਤ ਅਤੇ ਸੁਰੱਖਿਆ ਦੇ ਉਪਾਵਾਂ ਦੇ ਨਾਲ-ਨਾਲ ਕੈਨੇਡੀਅਨਾਂ ਅਤੇ ਕਾਰੋਬਾਰਾਂ ਨੂੰ ਮਹਾਮਾਰੀ ਦੌਰਾਨ ਸਹਾਇਤਾ ਦੇਣ ਲਈ 231 ਬਿਲੀਅਨ ਡਾਲਰ ਤੋਂ ਵੱਧ ਖਰਚ ਕਰ ਚੁੱਕੀ ਹੈ। ਵਿੱਤ ਮੰਤਰੀ ਬਿੱਲ ਮੋਰਨੈ ਨੇ ਬੁੱਧਵਾਰ ਨੂੰ ਸੰਸਦ ਚ ਆਰਥਿਕ ਤਸਵੀਰ ਪੇਸ਼ ਕੀਤੀ।
1.2 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਸਕਦੈ ਕਰਜ਼
ਸਰਕਾਰ ਦਾ ਕਹਿਣਾ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਸੰਘੀ ਕਰਜ਼ਾ 1.2 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਸਕਦਾ ਹੈ, ਜੋ ਪਿਛਲੇ ਵਿੱਤੀ ਵਰ੍ਹੇ 'ਚ 765 ਅਰਬ ਡਾਲਰ ਸੀ। ਬੁੱਧਵਾਰ ਨੂੰ ਜਾਰੀ ਫਿਸਕਲ ਰਿਪੋਰਟ ਮੁਤਾਬਕ, ਵਿਕਾਸ ਦਰ 'ਚ ਘੱਟੋ-ਘੱਟ 2021 ਦੇ ਅਖੀਰ ਤੱਕ ਨਰਮੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਭਾਵੀ ਟੀਕਾ ਜਾਂ ਇਲਾਜ ਉਪਲਬਧ ਨਹੀਂ ਹੋ ਜਾਂਦਾ ਤੱਦ ਤੱਕ ਰਿਕਵਰੀ ਸ਼ੁਰੂ ਨਹੀਂ ਹੋ ਸਕਦੀ।
ਉੱਥੇ ਹੀ, ਬੇਰੋਜ਼ਗਾਰੀ ਦੀ ਦਰ ਅਗਲੇ ਸਾਲ ਤੱਕ ਉੱਚੀ ਰਹਿਣ ਦੇ ਨਾਲ ਸਰਕਾਰ ਨੇ ਮਾਲੀਏ 'ਚ 71.1 ਬਿਲੀਅਨ ਡਾਲਰ ਦੀ ਗਿਰਾਵਟ ਦੀ ਸੰਭਾਵਨਾ ਜਤਾਈ ਹੈ, ਜਿਸ 'ਚ ਇਨਕਮ ਟੈਕਸਾਂ 'ਚ ਹੋਣ ਵਾਲਾ 40.8 ਬਿਲੀਅਨ ਡਾਲਰ ਦਾ ਨੁਕਸਾਨ ਵੀ ਸ਼ਾਮਲ ਹੈ।