ਲੈਸਟਰ 'ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੈ ਕੇ ਬਣਿਆ ਤਣਾਅ, ਕਈ ਪੱਖ ਤੇ ਕਈ ਵਿਰੋਧ 'ਚ ਹੋਏ ਖੜ੍ਹੇ

Sunday, Jun 14, 2020 - 08:15 AM (IST)

ਲੰਡਨ, [ਰਾਜਵੀਰ ਸਮਰਾ]: ਪਿਛਲੇ ਦਿਨੀਂ ਅਮਰੀਕਾ 'ਚ ਪੁਲਸ ਹੱਥੋਂ ਹੋਈ  ਇਕ ਗੈਰ-ਗੋਰੇ ਦੀ ਮੌਤ ਤੋਂ ਬਾਅਦ ਸਥਾਨਕ ਬਹੁਗਿਣਤੀ ਹਿੰਦੂ ਵਸੋਂ ਵਾਲੇ ਬੈਲਗਰੇਵ ਇਲਾਕੇ ਵਿਚ ਗੋਲਡਨ ਮਾਈਲ ਰੋਡ ‘ਤੇ 2009 ਵਿੱਚ ਲਗਾਏ ਗਏ 3.5 ਮੀਟਰ ਉੱਚੇ ਮਹਾਤਮਾ ਗਾਂਧੀ ਦੇ ਕਾਂਸੀ ਦੇ ਬਣੇ ਬੁੱਤ ਨੂੰ ਇੱਥੋਂ ਹਟਾਉਣ ਲਈ ਇਕ ਵਾਰ ਫਿਰ ਜ਼ੋਰਦਾਰ ਆਵਾਜ਼ ਉੱਠ ਰਹੀ ਹੈ ।
ਡਰਬੀ ਦੀ ਰਹਿਣ ਵਾਲੀ ਕੈਰੀ ਪੈਂਗੁਲਰ ਵੱਲੋ ਇਸ ਬੁੱਤ ਨੂੰ ਹਟਾਉਣ ਲਈ ਚਲਾਈ ਜਾ ਰਹੀ ਆਨਲਾਈਨ ਮੁਹਿੰਮ ਨੂੰ ਪੰਦਰਾਂ ਦਿਨਾਂ ਦੇ ਛੋਟੇ ਜਿਹਾ ਵਕਫ਼ੇ ਵਿਚ ਹੀ 6000 ਲੋਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ । ਕੈਰੀ ਵੱਲੋਂ ਆਨਲਾਈਨ ਵਾਇਰਲ ਕੀਤੀ ਗਈ ਪੁਟੀਸ਼ਨ ਵਿੱਚ ਮਹਾਤਮਾ ਗਾਂਧੀ ਨੂੰ ਫਾਸੀਵਾਦੀ ਅਤੇ ਨਸਲਵਾਦੀ ਦੱਸਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਕਾਰਨ 1947 ਵੇਲੇ ਹਿੰਦੁਸਤਾਨ ਦੇ ਲੱਖਾਂ ਲੋਕਾਂ ਨੂੰ ਮੁਸੀਬਤਾਂ ਦੇ ਪਹਾੜ ਝੱਲਣੇ ਪਏ।ਪਟੀਸ਼ਨਰ ਦਾ ਕਹਿਣਾ ਹੈ ਗਾਂਧੀ ਦਾ ਬੁੱਤ ਲਾਉਣਾ ਨਸਲਵਾਦ ਨੂੰ ਵਧਾਉਣ ਦੇ ਬਰਾਬਰ ਹੈ, ਜਿਸ ਕਰਕੇ ਇਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ।
ਕੈਰੀ ਦਾ ਕਹਿਣਾ ਹੈ ਕਿ ਜਦ ਪਟੀਸ਼ਨ 'ਤੇ ਦਸਤਖਤ ਕਰਨ ਵਾਲ਼ਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਟੱਪ ਗਈ ਤਾਂ ਸਥਾਨਕ ਸਿਟੀ ਕੌਂਸਲ ਅਧਿਕਾਰੀਆਂ ਨੇ ਉਸ ਨਾਲ ਸੰਪਰਕ ਕਰਕੇ ਕਿਹਾ ਕਿ ਉਹ ਆਪਣੀ ਪਟੀਸ਼ਨ ਦੀ ਸਮਾਪਤੀ ਉਪਰੰਤ ਕੌਂਸਲ ਕੋਲ ਜਮ੍ਹਾਂ ਕਰਾ ਦੇਵੇ ਤਾਂ ਕਿ ਉਸ ਉੱਤੇ ਵਿਚਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ । ਇਸ ਦੇ ਨਾਲ ਹੀ ਮੁਹਿੰਮ ਕਰਤਾ ਮਿਸ ਕੈਰੀ ਨੇ ਉਸ ਦੀ ਪੁਟੀਸ਼ਨ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ।

ਦੂਸਰੇ ਪਾਸੇ ਇਕ ਹਿੰਦੂ ਚੈਰਿਟੀ ਦੇ ਕੁਝ ਮੈਂਬਰਾਂ ਵੱਲੋਂ ਇੱਥੋਂ ਦੇ ਸਾਬਕਾ ਮੈਂਬਰ ਪਾਰਲੀਮੈਂਟ ਕੀਟ ਵਾਜ ਦੀ ਅਗਵਾਈ ਹੇਠ ਇਸ ਬੁੱਤ ਨੂੰ ਨਾ ਹਟਾਉਣ ਲਈ, ਬੁੱਤ ਦੇ ਆਲੇ ਦੁਆਲੇ ਚਿੱਟੇ ਰਿਬਨ ਨਾਲ ਗੋਲ ਘੇਰਾ ਬਣਾ ਕੇ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕੀਟ ਵਾਜ ਨੇ ਕਿਹਾ ਕਿ ਬੁੱਤ ਨਹੀਂ ਹਟਾਉਣ ਦਿੱਤਾ ਜਾਵੇਗਾ ਤੇ ਜੋ ਲੋਕ ਇਸ ਤਰ੍ਹਾਂ ਦੀ ਮੰਗ ਕਰ ਰਹੇ ਹਨ, ਉਨ੍ਹਾਂ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਜਾਵੇਗਾ । ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਤੁਲਨਾ, ਕਿੰਗ ਮਾਰਟਿਨ ਲੂਥਰ ਨਾਲ ਵੀ ਕੀਤੀ । ਲੈਸਟਰ ਈਸਟ ਦੀ ਮੌਜੂਦਾ ਕਾਲੀ ਐੱਮ. ਪੀ. ਕਲੌਡੀਆ ਵੈੱਬ ਨੇ ਮੁਹਿੰਮ ਦੀ ਨਿੰਦਿਆ ਕਰਦਿਆਂ ਇਸ ਨੂੰ ਮੰਦਭਾਗਾ ਕਿਹਾ ਹੈ ।
ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੇ ਬੁੱਤ ਨੂੰ ਹਟਾਉਣ ਲਈ 2009 ਵਿਚ ਇਸ ਦੇ ਲਗਾਏ ਜਾਣ ਤੋਂ ਤੁਰੰਤ ਬਾਅਦ ਹੀ ਸਮੇਂ-ਸਮੇਂ ਵਿਰੋਧ ਮੁਹਿੰਮਾਂ ਸਾਹਮਣੇ ਆਉਂਦੀਆਂ ਰਹੀਆਂ ਹਨ । ਇਸ ਨੂੰ ਨੁਕਸਾਨ ਪਹੁੰਚਾਉਣ ਦੀਆ ਕਈ ਵਾਰ ਕੋਸ਼ਿਸ਼ਾਂ ਕੀਤੀਆ ਜਾਂਦੀਆਂ ਰਹੀਆਂ । ਪਿਛਲੇ ਸਾਲ ਮਾਨਚੈਸਟਰ ਦੇ ਕੁੱਝ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਉੱਤੇ ਨਸਲਵਾਦੀ ਹੋਣ ਦਾ ਦੋਸ਼ ਲਗਾ ਕੇ ਇਸ ਬੁੱਤ ਨੂੰ ਹਟਾਉਣ ਦੀ ਵੀ ਜ਼ੋਰਦਾਰ ਮੰਗ ਕੀਤੀ ਸੀ ।
ਮਹਾਤਮਾ ਗਾਂਧੀ ਦੇ ਬੁੱਤ ਨੂੰ ਲੈ ਕੇ ਸ਼ਹਿਰ ਵਿੱਚ ਸਥਿਤੀ ਬੜੀ ਤਣਾਅ ਵਾਲੀ ਬਣਦੀ ਜਾ ਰਹੀ ਹੈ । ਸਥਾਨਕ ਸਿੱਟੀ ਕੌਂਸਲ ਦੇ ਅਧਿਕਾਰੀਆ ਵੱਲੋਂ ਪਟੀਸ਼ਨਰ ਨੂੰ ਉਸ  ਦੀ ਪਟੀਸ਼ਨ ਉੱਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ ।ਗਾਂਧੀ ਦਾ ਬੁੱਤ ਹਟਾਇਆ ਜਾਂਦਾ  ਹੈ ਜਾਂ ਨਹੀਂ, ਇਸ ਬਾਰੇ ਅਜੇ ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾ ਦੀ ਗੱਲ ਹੋਵੇਗੀ ਪਰ ਗਾਂਧੀ ਦੇ ਬੁੱਤ ਨੂੰ ਇਕ  ਵਾਰ ਫਿਰ ਕੁੱਝ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਏ ਦਾ ਖਤਰਾ ਜ਼ਰੂਰ ਪੈਦਾ ਹੋ ਗਿਆ ਹੈ।


Lalita Mam

Content Editor

Related News