ਕੁਲਵਿੰਦਰ ਸਿੰਘ ਜੌਹਲ ਨੇ ਰਚਿਆ ਨਵਾਂ ਇਤਿਹਾਸ, ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ
Friday, Jun 19, 2026 - 04:15 AM (IST)
ਲੈਸਟਰ - ਇੰਗਲੈਂਡ ਦੇ ਸ਼ਹਿਰ ਲੈਸਟਰ ਦੀ ਸਿਆਸਤ ਵਿਚ ਨਵਾਂ ਇਤਿਹਾਸ ਸਿਰਜਦਿਆਂ ਪੂਰਨ ਗੁਰਸਿੱਖ ਕੌਂਸਲਰ ਕੁਲਵਿੰਦਰ ਸਿੰਘ ਜੌਹਲ ਨੇ ਪਹਿਲੇ ਸਿੱਖ ਲਾਰਡ ਮੇਅਰ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰ ਦਿੱਤਾ ਹੈ। ਲੈਸਟਰ ਕੈਥੀਡਰਲ ਵਿਖੇ ਹੋਏ ਇਕ ਸ਼ਾਨਦਾਰ ਸਿਵਿਕ ਸਰਵਿਸ ਸਮਾਗਮ ਦੌਰਾਨ ਉਨ੍ਹਾਂ ਨੇ ਅਧਿਕਾਰਤ ਤੌਰ ’ਤੇ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਆਪਣੇ ਸੰਬੋਧਨ ਵਿਚ ਲਾਰਡ ਮੇਅਰ ਜੌਹਲ ਨੇ ਕਿਹਾ ਕਿ ਲੈਸਟਰ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਵਿਚ ਵਸਦੀ ਏਕਤਾ ਹੈ ਅਤੇ ਇਹ ਅਹੁਦਾ ਸਮੁੱਚੇ ਸਿੱਖ ਭਾਈਚਾਰੇ ਦਾ ਸਨਮਾਨ ਹੈ। ਉਨ੍ਹਾਂ ਨੇ ਨੌਜਵਾਨਾਂ ਦੀ ਭਲਾਈ, ਸਮਾਜਿਕ ਸੇਵਾ ਅਤੇ ਕਮਿਊਨਿਟੀ ਵਿਕਾਸ ਨੂੰ ਆਪਣੇ ਕਾਰਜਕਾਲ ਦੀਆਂ ਮੁੱਖ ਤਰਜੀਹਾਂ ਦੱਸਿਆ। ਸਮਾਗਮ ਦੌਰਾਨ ਉੱਘੇ ਸਿੱਖ ਚਿੰਤਕ ਰਣਧੀਰ ਸਿੰਘ ਸੰਭਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਇਹ ਪਲ ਬ੍ਰਿਟੇਨ ਦੇ ਸਿੱਖ ਭਾਈਚਾਰੇ ਲਈ ਬਹੁਤ ਮਾਣ ਵਾਲਾ ਹੈ।
