ਲੇਬਨਾਨ ਦੇ ਸੂਚਨਾ ਮੰਤਰੀ ਨੇ ਦਿੱਤਾ ਅਸਤੀਫਾ

8/9/2020 7:06:58 PM

ਬੇਰੂਤ (ਇੰਟ.): ਭਿਆਨਕ ਧਮਾਕੇ ਦਾ ਅਸਰ ਝੱਲ ਰਹੇ ਲੇਬਨਾਨ ਵਿਚ ਸੂਚਨਾ ਮੰਤਰੀ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਅਜਿਹੇ ਵੇਲੇ ਵਿਚ ਆਇਆ ਹੈ ਜਦੋਂ ਸੱਤਾਧਾਰੀਆਂ ਦੇ ਪ੍ਰਤੀ ਜਨਤਾ ਵਿਚ ਗੁੱਸਾ ਵਧ ਰਿਹਾ ਹੈ ਕਿਉਂਕਿ ਸੱਤਾਧਾਰੀ ਵਰਗ ਨੂੰ ਕੁਪ੍ਰਬੰਧਨ ਤੇ ਭ੍ਰਿਸ਼ਟਾਚਾਰ ਦੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਜਧਾਨੀ ਬੇਰੂਤ ਵਿਚ ਹੋਏ ਧਮਾਕੇ ਦੇ ਪਿੱਛੇ ਭ੍ਰਿਸ਼ਟਾਚਾਰ ਹੀ ਪ੍ਰਮੁੱਖ ਕਾਰਣ ਹੈ। ਸੂਚਨਾ ਮੰਤਰੀ ਮਨਲ ਅਬਦੁੱਲ ਸਮਦ ਨੇ ਆਪਣੇ ਅਸਤੀਫੇ ਵਿਚ ਕਿਹਾ ਕਿ ਬਦਲਾਅ 'ਮੁਮਕਿਨ' ਨਹੀਂ ਹੋਇਆ ਤੇ ਉਨ੍ਹਾਂ ਨੂੰ ਲੇਬਨਾਨ ਦੀ ਜਨਤਾ ਦੀਆਂ ਆਸਾਂ ਪੂਰੀਆਂ ਨਹੀਂ ਕਰ ਸਕਣ ਦਾ ਅਫਸੋਸ ਹੈ। ਅਜਿਹੀਆਂ ਖਬਰਾਂ ਹਨ ਕਿ ਵਾਤਾਵਰਣ ਮੰਤਰੀ ਵੀ ਅਸਤੀਫੇ ਦੇ ਸਕਦੇ ਹਨ। ਇਸ ਨਾਲ ਚੁਣੌਤੀਆਂ ਵਿਚ ਘਿਰੇ ਪ੍ਰਧਾਨ ਮੰਤਰੀ ਹਸਨ ਦਿਯਾਬ ਦੀਆਂ ਪਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਦਿਯਾਬ ਨੇ ਜਨਵਰੀ ਵਿਚ ਹੀ ਸੱਤਾ ਦੀ ਕਮਾਨ ਸੰਭਾਲੀ ਸੀ ਤੇ ਉਦੋਂ ਤੋਂ ਉਹ ਸੰਕਟਾਂ ਨਾਲ ਜੂਝ ਰਹੇ ਹਨ। ਜ਼ਿਕਰਯੋਗ ਹੈ ਕਿ ਸੈਂਕੜੇ ਟਨ ਧਮਾਕਾਖੇਜ਼ ਸਮੱਗਰੀ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 160 ਲੋਕ ਮਾਰੇ ਗਏ ਸਨ ਤੇ ਤਕਰੀਬਨ 6,000 ਜ਼ਖਮੀ ਹੋਏ ਸਨ। ਇਸ ਧਮਾਕੇ ਵਿਚ ਸੈਂਕੜੇ ਇਮਾਰਤਾਂ ਵੀ ਤਬਾਹ ਹੋ ਗਈਆਂ ਸਨ।


Baljit Singh

Content Editor Baljit Singh