ਇਜ਼ਰਾਈਲੀ ਫੌਜਾਂ ਦੇ ਹਟਣ ਤੋਂ ਬਾਅਦ ਘਰ ਪਰਤਣ ਦੀ ਤਿਆਰੀ ਕਰ ਰਹੇ ਲੇਬਨਾਨੀ
Wednesday, Feb 19, 2025 - 01:35 PM (IST)

ਡੀਅਰ ਮੀਮਾਸ/ਲੇਬਨਾਨ (ਏਜੰਸੀ)- ਇਜ਼ਰਾਈਲੀ ਫੌਜਾਂ ਦੱਖਣੀ ਲੇਬਨਾਨ ਦੇ ਸਰਹੱਦੀ ਪਿੰਡਾਂ ਤੋਂ ਪਿੱਛੇ ਹਟ ਗਈਆਂ। ਇਹ ਵਾਪਸੀ ਅਮਰੀਕਾ ਵੱਲੋਂ ਵਿਚੋਲਗੀ ਲਈ ਕੀਤੇ ਜੰਗਬੰਦੀ ਸਮਝੌਤੇ ’ਚ ਮਿੱਥੀ ਹੱਦ ਅੰਦਰ ਹੋਈ, ਜਿਸ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਤਾਜ਼ਾ ਜੰਗ ਨੂੰ ਖਤਮ ਕੀਤਾ। ਲੇਬਨਾਨੀ ਫੌਜ ਉਨ੍ਹਾਂ ਇਲਾਕਿਆਂ ’ਚ ਪਹੁੰਚ ਗਈ ਹੈ, ਜਿਥੋਂ ਇਜ਼ਰਾਈਲੀ ਫੌਜਾਂ ਪਿੱਛੇ ਹਟ ਗਈਆਂ ਹਨ ਅਤੇ ਇਜ਼ਰਾਈਲੀ ਫੌਜ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਪਿੰਡਾਂ ਨੂੰ ਜਾਣ ਵਾਲੀ ਮੁੱਖ ਸੜਕ ਨੂੰ ਬੰਦ ਕਰ ਦਿੱਤਾ ਤਾਂ ਜੋ ਕੋਈ ਵੀ ਅੰਦਰ ਨਾ ਜਾ ਸਕੇ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਫੌਜ ਉੱਥੇ ਮੌਜੂਦ ਕਿਸੇ ਵੀ ਧਮਾਕਾਖੇਜ਼ ਸਮੱਗਰੀ ਦੀ ਭਾਲ ਕਰ ਸਕੇ ਅਤੇ ਉਸ ਨੂੰ ਨਸ਼ਟ ਕਰ ਸਕੇ।
ਜ਼ਿਆਦਾਤਰ ਪਿੰਡ ਵਾਸੀ ਆਪਣੇ ਘਰਾਂ ਦੀ ਜਾਂਚ ਕਰਨ ਲਈ ਸੜਕ ਕੰਢੇ ਇਜਾਜ਼ਤ ਦੀ ਉਡੀਕ ਕਰ ਰਹੇ ਸਨ ਪਰ ਕੁਝ ਲੋਕ ਸੜਕ ਤੋਂ ਬੈਰੀਕੇਡ ਹਟਾ ਕੇ ਅੰਦਰ ਚਲੇ ਗਏ। ਹਾਲਾਂਕਿ ਇਜ਼ਰਾਈਲੀ ਫੌਜਾਂ ਲੇਬਨਾਨ ਅੰਦਰ 5 ਰਣਨੀਤਕ ਨਿਗਰਾਨੀ ਕੇਂਦਰਾਂ ’ਤੇ ਮੌਜੂਦ ਹਨ। ਇਹ ਲੇਬਨਾਨੀ ਅਧਿਕਾਰੀਆਂ ਅਤੇ ਅੱਤਵਾਦੀ ਸਮੂਹ ਹਿਜ਼ਬੁੱਲਾ ਲਈ ਇਕ ਗੰਭੀਰ ਮੁੱਦਾ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਪਿੱਛੇ ਹਟਣਾ ਚਾਹੀਦਾ ਹੈ। ਸੰਘਰਸ਼ ਦੇ ਸਿਖਰ ’ਤੇ ਲੇਬਨਾਨ ’ਚ 4,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਸਨ। ਉਨ੍ਹਾਂ ’ਚੋਂ ਲਗਭਗ 1,00,000 ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਸਕੇ ਹਨ।