ਭਾਰਤੀ-ਅਮਰੀਕੀ ਨੇਤਾਵਾਂ ਨੇ ਅਮਰੀਕੀ ਸਾਂਸਦ ਨਾਲ ਹਿੰਦੂਆਂ ''ਤੇ ਵੱਧ ਰਹੇ ਅੱਤਿਆਚਾਰਾਂ ''ਤੇ ਕੀਤੀ ਚਰਚਾ
Monday, Nov 01, 2021 - 04:50 PM (IST)
 
            
            ਨਿਊਯਾਰਕ (ਭਾਸ਼ਾ)- ਅਮਰੀਕਾ ਵਿੱਚ ਭਾਰਤੀ-ਅਮਰੀਕੀ ਪ੍ਰਵਾਸੀ ਭਾਈਚਾਰੇ ਦੇ ਨੇਤਾਵਾਂ ਨੇ ਕਾਂਗਰਸਮੈਨ ਜੇਮਸ ਮੈਕਗਵਰਨ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦੂਆਂ 'ਤੇ ਵੱਧ ਰਹੇ ਅੱਤਿਆਚਾਰਾਂ ਅਤੇ ਹਮਲਿਆਂ ਬਾਰੇ ਚਰਚਾ ਕੀਤੀ। 'ਹਾਊਸ ਰੂਲਜ਼ ਕਮੇਟੀ' ਦੇ ਚੇਅਰਮੈਨ, ਚੀਨ 'ਤੇ ਕਾਂਗਰਸ-ਕਾਰਜਕਾਰੀ ਕਮਿਸ਼ਨ ਦੇ ਚੇਅਰਮੈਨ ਅਤੇ ਦੋ-ਪੱਖੀ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੈਮੋਕ੍ਰੈਟਿਕ ਸਹਿ-ਚੇਅਰਮੈਨ ਮੈਕਗਵਰਨ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚਿੰਤਾ ਜ਼ਾਹਰ ਕੀਤੀ।
ਇੱਥੇ ਜਾਰੀ ਇਕ ਬਿਆਨ ਮੁਤਾਬਕ, ‘ਹਿੰਦੂ ਸਵੈਮ ਸੇਵਕ ਸੰਘ ਯੂ.ਐੱਸ.ਏ.’, ‘ਦਿ ਵਰਲਡ ਹਿੰਦੂ ਕੌਂਸਲ’, ‘ਸੇਵਾ ਇੰਟਰਨੈਸ਼ਨਲ’, ‘ਇਸਕੋਨ’, ‘75ਐਟ75 ਫਾਊਂਡੇਸ਼ਨ’, ‘ਕਸ਼ਮੀਰੀ ਹਿੰਦੂ ਫਾਊਂਡੇਸ਼ਨ’, ‘ਸਵਾਮੀ ਨਰਾਇਣ ਬੀ.ਏ.ਪੀ.ਐੱਸ. ਗਰੁੱਪ’, ‘ਗਲੋਬਲ ਇੰਡੀਅਨਜ਼ ਫੌਰ ਭਾਰਤ ਵਿਕਾਸ', 'ਸਹੇਲੀ ਬੋਸਟਨ' ਅਤੇ ਕਈ ਹੋਰ ਸੰਸਥਾਵਾਂ ਨੇ ਬੋਸਟਨ ਵਿੱਚ ਮੈਕਗਵਰਨ ਨਾਲ ਵੀਕੈਂਡ ਵਿੱਚ ਚਰਚਾ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਨਾਲ ਮੁਲਾਕਾਤ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਪ-ਪ੍ਰਧਾਨ ਸੰਜੇ ਕੌਲ ਨੇ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਕਸ਼ਮੀਰ ਵਿਚ ਹਿੰਦੂਆਂ ਅਤੇ ਘੱਟ ਗਿਣਤੀ ਭਾਈਚਾਰਿਆਂ 'ਤੇ ਵੱਧ ਰਹੇ ਅੱਤਿਆਚਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੌਲ ਨੇ ਕਸ਼ਮੀਰ ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਅਤੇ ਹਿੰਦੂ ਪ੍ਰਵਾਸੀਆਂ 'ਤੇ ਹਾਲ ਹੀ ਵਿੱਚ ਵਧੇ ਹਮਲਿਆਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, 'ਕੋਵੈਕਸੀਨ' ਨੂੰ ਮਿਲੀ ਮਾਨਤਾ
ਇਸਕੋਨ ਦੇ ਵਨਮਾਲੀ ਪੰਡਿਤ ਦਾਸ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹਿੰਦੂ ਪੁਜਾਰੀਆਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦਾ ਜ਼ਿਕਰ ਕੀਤਾ। ਗਲੋਬਲ ਇੰਡੀਅਨਜ਼ ਫਾਰ ਇੰਡੀਆ ਡਿਵੈਲਪਮੈਂਟ (GIBV) ਦੇ ਪ੍ਰਮੀਤ ਮਕੋਡੇ ਨੇ 'ਬੋਸਟਨ ਸੈਂਟਰ ਫਾਰ ਐਕਸੀਲੈਂਸ ਐਂਡ ਹਿਊਮਨ ਡਿਵੈਲਪਮੈਂਟ' ਅਤੇ '75 ਐਟ75 ਪਹਿਲਕਦਮੀ' 'ਤੇ ਹਾਜ਼ਰੀਨ ਨਾਲ ਗੱਲਬਾਤ ਕੀਤੀ। ਇਹ ਦੋਵੇਂ ਸਥਾਨਕ ਅਮਰੀਕੀ ਸਮਾਜ ਲਈ ਭਾਰਤੀ-ਅਮਰੀਕੀ ਭਾਈਚਾਰੇ ਦੁਆਰਾ ਵੱਡੇ ਪੱਧਰ 'ਤੇ ਪ੍ਰੋਗਰਾਮਾਂ 'ਤੇ ਧਿਆਨ ਕੇਂਦਰਿਤ ਕਰਦੇ ਹਨ। '75ਐਟ75 ਪਹਿਲਕਦਮੀ' ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਦਾ ਹਿੱਸਾ ਹੈ। 'ਇਸਕੋਨ' ਦੇ ਵਿਕਾਸ ਦੇਸ਼ਪਾਂਡੇ ਨੇ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਅਤੇ ਹੋਰ ਕੰਮਾਂ ਲਈ ਵੱਡੇ ਪੱਧਰ 'ਤੇ ਸੇਵਾ-ਮੁਖੀ ਪ੍ਰਾਜੈਕਟਾਂ ਦਾ ਵੇਰਵਾ ਦਿੱਤਾ। ਭਾਈਚਾਰੇ ਦੇ ਆਗੂਆਂ ਨੇ ਜੇਮਸ ਮੈਕਗਵਰਨ ਨੂੰ ‘ਭਗਵਦ ਗੀਤਾ’ ਦੀ ਕਾਪੀ ਵੀ ਭੇਂਟ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            