ਸ਼੍ਰੀਲੰਕਾ ''ਚ ਬੀਬੀ ਨੇ ਪੋਸਟ ਕੀਤੀ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ, ਮਚਿਆ ਬਵਾਲ

12/23/2020 10:02:41 AM

ਕੋਲੰਬੋ (ਬਿਊਰੋ): ਸ਼੍ਰੀਲੰਕਾ ਵਿਚ ਇਕ ਵਕੀਲ ਬੀਬੀ ਵੱਲੋਂ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ ਪੋਸਟ ਕਰਨ 'ਤੇ ਬਵਾਲ ਮਚ ਗਿਆ ਹੈ। ਸ਼੍ਰੀਲੰਕਾ ਦੇ ਤਮਿਲ ਭਾਈਚਾਰੇ ਦੇ ਲੋਕਾਂ ਨੇ ਦੋਸ਼ੀ ਵਕੀਲ ਬੀਬੀ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹੀ ਨਹੀਂ ਦੇਸ਼ ਦੇ ਤਮਿਲ ਭਾਈਚਾਰੇ ਨਾਲ ਜੁੜੀ ਪਾਰਟੀ ਤਮਿਲ ਨੈਸ਼ਨਲ ਅਲਾਇੰਸ ਸਮੇਤ ਕਈ ਸੰਗਠਨਾਂ ਨੇ ਰਾਜਧਾਨੀ ਕੋਲੰਬੋ ਵਿਚ ਸਰਕਾਰ ਨੂੰ ਦੋਸ਼ੀ ਵਕੀਲ ਦੇ ਖਿਲਾਫ਼ ਸਾਇਬਰ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਏ ਜਾਣ ਦੀ ਮੰਗ ਕੀਤੀ ਹੈ।

ਸਖਤ ਕਾਰਵਾਈ ਦੀ ਮੰਗ
ਰੂਸੀ ਸਮਾਚਾਰ ਵੈਬਸਾਈਟ ਸਪੂਤਨਿਕ ਨਾਲ ਗੱਲਬਾਤ ਵਿਚ ਹਿੰਦੂ ਸੰਗਠਨ ਸਿਵਾ ਸੇਨਾਈ ਦੇ ਨੇਤਾ ਐੱਮ.ਕੇ. ਸਚਿਤਾਨਾਥਨ ਨੇ ਕਿਹਾ ਕਿ ਇਸ ਭੜਕਾਊ ਪੋਸਟ ਨੇ ਨਾ ਸਿਰਫ ਹਿੰਦੂ ਭਾਈਚਾਰੇ ਸਗੋਂ ਸ਼ਾਂਤੀਪੂਰਨ ਤਰੀਕੇ ਨਾਲ ਰਹਿਣ ਵਿਚ ਵਿਚਾਰ ਰੱਖਣ ਵਾਲੇ ਹੋਰ ਲੋਕਾਂ ਨੂੰ ਵੀ ਦੁਖੀ ਕੀਤਾ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਪੂਰੀ ਦੁਨੀਆ ਵਿਚ ਰਹਿ ਰਹੇ ਸ਼੍ਰੀਲੰਕਾਈ ਤਮਿਲਾਂ ਦੇ ਪੱਤਰ ਮਿਲ ਰਹੇ ਹਨ। ਇਹੀ ਨਹੀਂ ਵਿਦੇਸ਼ਾਂ ਵਿਚ ਰਹਿ ਰਹੇ ਸ੍ਰੀਲੰਕਾਈ ਤਮਿਲ ਸ਼੍ਰੀਲੰਕਾ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਇਸ ਪੋਸਟ ਅਤੇ ਫੇਸਬੁੱਕ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

 

ਦਿੱਤੀ ਗਈ ਚਿਤਾਵਨੀ
ਸਚਿਤਾਨਾਥਨ ਨੇ ਚਿਤਾਵਨੀ ਦਿੱਤੀ,''ਸਾਡੀ ਮੁਹਿੰਮ ਹੋਰ ਤੇਜ਼ ਹੋਵੇਗੀ। ਜੇਕਰ ਵਕੀਲ ਬੀਬੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ।'' ਇਕ ਹੋਰ ਹਿੰਦੂ ਸੰਗਠਨ ਨੇ ਕਿਹਾ ਕਿ ਇਸ ਦੇਸ਼ ਵਿਚ ਫੇਸਬੁੱਕ ਪੋਸਟ ਨੂੰ ਫਿਰਕਾਪ੍ਰਸਤੀ ਭੜਕਾਉਣ ਲਈ ਕੀਤਾ ਗਿਆ ਹੈ। ਉਸ ਨੇ ਸ਼੍ਰੀਲੰਕਾਈ ਤਮਿਲਾਂ ਨੂੰ ਅਪੀਲ ਕੀਤੀ ਕਿ ਉਹ ਦੋਸ਼ੀ ਵਕੀਲ ਬੀਬੀ ਦੇ ਖਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ ਲਈ ਮੁਹਿੰਮ ਚਲਾਉਣ। ਪੁਜਾਰੀਆਂ ਦੇ ਇਸ ਸੰਗਠਨ ਨੇ ਕਿਹਾ,''ਪਿਛਲੇ ਤਿੰਨ ਦਿਨਾਂ ਵਿਚ ਬੀਬੀ ਜੀਵਨੀ ਕਰਿਯਾਵਸਨ ਫੇਸਬੁੱਕ 'ਤੇ ਇਸ ਤਰ੍ਹਾਂ ਦੀਆਂ ਪੋਸਟਾਂ ਕਰ ਰਹੀ ਹੈ, ਜੋ ਮਾਂ ਕਾਲੀ ਦਾ ਅਪਮਾਨ ਹੈ।'' ਉਹਨਾਂ ਨੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਇਸ ਸੰਬੰਧ ਵਿਚ ਪੱਤਰ ਲਿਖਿਆ ਹੈ। ਮਾਂ ਕਾਲੀ ਅਤੇ ਇਸ ਇਤਰਾਜ਼ਯੋਗ ਤਸਵੀਰ ਦੇ ਵਿਰੋਧ ਵਿਚ ਸ਼੍ਰੀਲੰਕਾ ਦੇ ਸਾਂਸਦ ਐੱਮ ਗਨੇਸ਼ਨ ਵੀ ਆ ਗਏ ਹਨ। ਗਨੇਸ਼ਨ ਨੇ ਕਿਹਾ ਕਿ ਦੋਸ਼ੀ ਬੀਬੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ ਤਾਂ ਜੋ ਦੇਸ਼ ਦੇ ਧਾਰਮਿਕ ਗੁੱਟਾਂ ਵਿਚ ਸ਼ਾਂਤੀ ਬਣੀ ਰਹੇ।ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਤਮਿਲ ਸਭ ਤੋਂ ਵੱਡੇ ਘੱਟ ਗਿਣਤੀ ਸਮੂਹ ਹਨ ਜੋ ਹਿੰਦੂ ਧਰਮ ਨੂੰ ਮੰਨਦੇ ਹਨ।

ਨੋਟ- ਸ਼੍ਰੀਲੰਕਾ 'ਚ ਬੀਬੀ ਨੇ ਪੋਸਟ ਕੀਤੀ ਮਾਂ ਕਾਲੀ ਦੀ ਇਤਰਾਜ਼ਯੋਗ ਤਸਵੀਰ, ਮਚਿਆ ਬਵਾਲ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana