ਪਿਛਲੇ ਸਾਲ 2.4 ਅਰਬ ਲੋਕਾਂ ਨੂੰ ਲਗਾਤਾਰ ਭੋਜਨ ਨਹੀਂ ਮਿਲਿਆ: ਸੰਯੁਕਤ ਰਾਸ਼ਟਰ
Thursday, Jul 13, 2023 - 04:38 PM (IST)
ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਨੇ ਗਲੋਬਲ ਖੁਰਾਕ ਸੁਰੱਖਿਆ 'ਤੇ ਇਕ ਚਿੰਤਾਜਨਕ ਰਿਪੋਰਟ 'ਚ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਸਾਲ 2.4 ਅਰਬ ਲੋਕਾਂ ਨੂੰ ਲਗਾਤਾਰ ਭੋਜਨ ਨਹੀਂ ਮਿਲਿਆ ਅਤੇ ਘੱਟੋ-ਘੱਟ 78.3 ਕਰੋੜ ਲੋਕਾਂ ਨੂੰ ਭੁੱਖ ਨਾਲ ਜੂਝਣਾ ਪਿਆ। ਗਲੋਬਲ ਸੰਸਥਾ ਨੇ ਕਿਹਾ ਕਿ ਇਸ ਕਾਰਨ 14.8 ਕਰੋੜ ਬੱਚਿਆਂ ਦਾ ਵਿਕਾਸ ਵੀ ਰੁੱਕ ਗਿਆ। ਸੰਯੁਕਤ ਰਾਸ਼ਟਰ ਦੀਆਂ ਪੰਜ ਏਜੰਸੀਆਂ ਨੇ 'ਫੂਡ ਸਕਿਓਰਿਟੀ ਐਂਡ ਨਿਊਟ੍ਰੀਸ਼ਨ ਸਟੇਟਸ ਰਿਪੋਰਟ 2023' 'ਚ ਕਿਹਾ ਹੈ ਕਿ 2021 ਤੋਂ 2022 ਦਰਮਿਆਨ ਦੁਨੀਆ 'ਚ ਭੁੱਖੇ ਲੋਕਾਂ ਦੀ ਗਿਣਤੀ 'ਚ ਕੋਈ ਖਾਸ ਬਦਲਾਅ ਨਹੀਂ ਆਇਆ ਪਰ ਕਈ ਥਾਵਾਂ 'ਤੇ ਲੋਕਾਂ ਨੂੰ ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰਨਾ ਪਿਆ।
ਰਿਪੋਰਟ ਵਿੱਚ ਪੱਛਮੀ ਏਸ਼ੀਆ, ਕੈਰੇਬੀਅਨ ਅਤੇ ਅਫਰੀਕਾ ਦੇ ਦੇਸ਼ਾਂ ਨੂੰ ਚਿੰਨ੍ਹਿਤ ਕੀਤਾ ਗਿਆ, ਜਿੱਥੇ 20 ਫ਼ੀਸਦੀ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੋਈ ਅਤੇ ਇਹ ਵਿਸ਼ਵ ਦੀ ਔਸਤ ਨਾਲੋਂ ਦੁੱਗਣਾ ਵੀ ਹੈ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਦੇ ਡਾਇਰੈਕਟਰ-ਜਨਰਲ ਕਿਊ ਡੋਂਗਈ ਨੇ ਕਿਹਾ, "ਗਲੋਬਲ ਮਹਾਂਮਾਰੀ ਤੋਂ ਪਹਿਲਾਂ ਦੀਆਂ ਸਥਿਤੀਆਂ ਵਿੱਚ ਵਾਪਸੀ ਦੀ ਗਤੀ ਅਸਮਾਨ ਰਹੀ ਹੈ, ਅਤੇ ਯੂਕਰੇਨ ਵਿੱਚ ਜੰਗ ਨੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਅਤੇ ਸਿਹਤਮੰਦ ਖੁਰਾਕਾਂ ਨੂੰ ਪ੍ਰਭਾਵਿਤ ਕੀਤਾ ਹੈ।"
ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਲੋਕਾਂ ਦੀ ਸਿਹਤਮੰਦ ਖੁਰਾਕ ਤੱਕ ਪਹੁੰਚ ਦੀ ਸਥਿਤੀ ਖ਼ਰਾਬ ਹੋ ਚੁੱਕੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਆਬਾਦੀ ਦਾ 42 ਫ਼ੀਸਦੀ ਹਿੱਸਾ ਯਾਨੀ 3.1 ਅਰਬ ਤੋਂ ਵੱਧ ਲੋਕ 2021 ਵਿੱਚ ਸਿਹਤਮੰਦ ਖੁਰਾਕ ਤੱਕ ਨਹੀਂ ਪਹੁੰਚ ਸਕੇ ਸਨ, ਜਿਸ ਵਿਚ 2019 ਦੇ ਮੁਕਾਬਲੇ 13.4 ਕਰੋੜ ਲੋਕਾਂ ਦਾ ਵਾਧਾ ਦਰਦ ਕੀਤਾ ਗਿਆ ਹੈ। ਰਿਪੋਰਟ ਪੇਸ਼ ਕਰਦੇ ਹੋਏ FAO ਦੇ ਮੁੱਖ ਅਰਥ ਸ਼ਾਸਤਰੀ ਮੈਕਸਿਮੋ ਟੋਰੇਰੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੈਰ-ਸਿਹਤਮੰਦ ਖੁਰਾਕ ਖਾਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਉਣਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਇਹ ਸਾਨੂੰ ਦਰਸਾਉਂਦਾ ਹੈ ਕਿ ਸਾਨੂੰ ਖੇਤੀਬਾੜੀ ਸੈਕਟਰ ਅਤੇ ਖੇਤੀ-ਭੋਜਨ ਪ੍ਰਣਾਲੀ ਵਿੱਚ ਆਪਣੇ ਸਰੋਤਾਂ ਦੀ ਵਰਤੋਂ ਵਿਚ ਕਾਫ਼ੀ ਸੁਧਾਰ ਕਰਨ ਦੀ ਲੋੜ ਹੋਵੇਗੀ। ਤਾਜ਼ਾ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ 2022 ਵਿੱਚ 69.1 ਕਰੋੜ ਤੋਂ 78.3 ਕਰੋੜ ਲੋਕ ਲੰਮੇ ਸਮੇਂ ਤੋਂ ਕੁਪੋਸ਼ਣ ਦਾ ਸ਼ਿਕਾਰ ਸਨ, ਜੋ ਕਿ ਕੋਰੋਨਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ 2019 ਦੇ ਮੁਕਾਬਲੇ 12.2 ਕਰੋੜ ਵੱਧ ਸੀ।