ਅਫ਼ਗਾਨ ਸ਼ਰਨਾਰਥੀਆਂ ਦਾ ਆਖ਼ਰੀ ਸਮੂਹ ਨਿਊ ਜਰਸੀ ਤੋਂ ਰਵਾਨਾ
Sunday, Feb 20, 2022 - 01:40 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਅੱਠ ਫੌਜੀ ਅਦਾਰਿਆਂ ਵਿਚ ਮੁੜ ਵਸੇਬੇ ਦੀ ਉਡੀਕ ਕਰ ਰਹੇ ਹਜ਼ਾਰਾਂ ਅਫ਼ਗਾਨ ਸ਼ਰਨਾਰਥੀਆਂ ਦਾ ਆਖ਼ਰੀ ਸਮੂਹ ਸ਼ਨੀਵਾਰ ਨੂੰ ਨਿਊਜਰਸੀ ਦੇ ਇਕ ਫੌਜੀ ਅਦਾਰੇ ਤੋਂ ਰਵਾਨਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਅਗਸਤ ਵਿਚ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੇ ਨਾਲ ਸ਼ੁਰੂ ਹੋਇਆ ਸਫ਼ਰ ਵੀ ਖ਼ਤਮ ਹੋ ਗਿਆ ਹੈ। ਸ਼ਰਨਾਰਥੀ ਪੁਨਰਵਾਸ ਸੰਗਠਨਾਂ ਦੀ ਮਦਦ ਨਾਲ ਅਫ਼ਗਾਨ ਲੋਕਾਂ ਨੇ ਹਾਲ ਹੀ ਦੇ ਮਹੀਨਿਆਂ ਵਿਚ ਹੌਲੀ-ਹੌਲੀ ਫੌਜੀ ਠਿਕਾਣਿਆਂ ਤੋਂ ਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਅਮਰੀਕਾ ਵਿਚ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨ ਨਾਗਰਿਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ 'ਆਪਰੇਸ਼ਨ ਏਲੀਜ ਵੈਲਕਮ' ਦੇ ਤੌਰ 'ਤੇ 76,000 ਅਫ਼ਗਾਨ ਲੋਕਾਂ ਨੂੰ ਸਵੀਕਾਰ ਕੀਤਾ, ਜੋ ਦਹਾਕਿਆਂ ਵਿਚ ਦੇਸ਼ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦਾ ਪੁਨਰਵਾਸ ਹੈ।
ਇਸ ਵਿਚ ਹਿੱਸਾ ਲੈਣ ਲੈ ਰਹੇ 9 ਰਾਸ਼ਟਰੀ ਪੁਨਰਵਾਸ ਸੰਗਠਨਾਂ ਵਿਚੋਂ ਇਕ 'ਲੂਥਰਨ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸਰਵਿਸ' ਦੇ ਸੀਈਓ ਅਤੇ ਪ੍ਰਧਾਨ ਕ੍ਰਿਸ਼ ਓ'ਮਾਰਾ ਵਿਗਨਾਰਾਜਾ ਨੇ ਕਿਹਾ, "ਆਪ੍ਰੇਸ਼ਨ ਏਲੀਜ ਵੈਲਕਮ ਵਿਚ ਇਹ ਇਕ ਮਹੱਤਵਪੂਰਨ ਪ੍ਰਾਪਤੀ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਮੁਹਿੰਮ ਅਜੇ ਖ਼ਤਮ ਨਹੀਂ ਹੋਈ ਹੈ।" ਉਨ੍ਹਾਂ ਅੱਗੇ ਕਿਹਾ ਕਿ ਅਫ਼ਗਾਨ ਲੋਕਾਂ ਨੂੰ ਅਜੇ ਵੀ ਆਪਣੇ ਦੇਸ਼ ਵਿਚ ਤਾਲਿਬਾਨ ਦੇ ਸ਼ਾਸਨ ਵਿਚ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਜੋ ਲੋਕ ਅਮਰੀਕਾ ਵਿਚ ਆਏ ਹਨ, ਉਹਨਾਂ ਨੂੰ ਅਜੇ ਵੀ ਮਦਦ ਦੀ ਲੋੜ ਹੋਵੇਗੀ। ਅੰਦਰੂਨੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੀ ਅਗਲੇ ਸਾਲ ਤੱਕ ਹਜ਼ਾਰਾਂ ਅਫ਼ਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਯੋਜਨਾ ਹੈ, ਪਰ ਉਹ ਛੋਟੇ ਸਮੂਹਾਂ ਵਿਚ ਆਉਣਗੇ ਅਤੇ ਉਨ੍ਹਾਂ ਨੂੰ ਇਕ ਸਥਾਨ 'ਤੇ ਠਹਿਰਾਇਆ ਜਾਵੇਗਾ, ਜੋ ਅਜੇ ਤੈਅ ਨਹੀਂ ਕੀਤਾ ਗਿਆ ਹੈ।