ਟਰੰਪ ਦੇ ਉੱਚ ਆਰਥਿਕ ਸਲਾਹਕਾਰ ਨੂੰ ਪਿਆ ਦਿਲ ਦਾ ਦੌਰਾ
Tuesday, Jun 12, 2018 - 03:31 PM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਚ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਇਕ ਫੌਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਲਕਾ ਜਿਹਾ ਦਿਲ ਦਾ ਦੌਰਾ ਪਿਆ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸਾਂਡਰਸ ਨੇ ਕਿਹਾ,''ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ 'ਚ ਲੈਰੀ ਕੁਡਲੋ ਦੀ ਹਾਲਤ ਹੁਣ ਠੀਕ ਹੈ ਅਤੇ ਉਨ੍ਹਾਂ ਦੇ ਡਾਕਟਰਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਜਾਣਗੇ।''
ਸਾਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਕੁਡਲੋ ਅਤੇ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਹੈ।''
ਟਰੰਪ ਨੇ ਟਵੀਟ ਕਰਕੇ ਕਿਹਾ,''ਵਪਾਰ ਅਤੇ ਅਰਥ ਵਿਵਸਥਾ 'ਤੇ ਸਖਤ ਮਿਹਨਤ ਕਰ ਰਹੇ ਸਾਡੇ ਮਹਾਨ ਲੈਰੀ ਕੁਡਲੋ ਨੂੰ ਦਿਲ ਦਾ ਦੌਰਾ ਪਿਆ ਹੈ।'' ਟਰੰਪ ਅਜੇ ਸਿੰਗਾਪੁਰ 'ਚ ਹੀ ਹਨ, ਜਿੱਥੇ ਉਨ੍ਹਾਂ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ।