ਅਮਰੀਕਾ ਦੇ ਪ੍ਰਵਾਸੀ ਭਾਰਤੀਆਂ ਦੇ ਸੰਗਠਨ ਨੇ ਭਾਰਤ ’ਚ ਭੇਜੀ ਮੈਡੀਕਲ ਉਪਕਰਨਾਂ ਦੀ ਵੱਡੀ ਖੇਪ
Thursday, Jul 01, 2021 - 12:01 PM (IST)
ਇੰਟਰਨੈਸ਼ਨਲ ਡੈਸਕ : ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਖਿਲਾਫ ਭਾਰਤ ਦੀ ਲੜਾਈ ’ਚ ਮਦਦ ਦੇਣ ਲਈ ਅਮਰੀਕਾ ਵਿਚ ਪ੍ਰਵਾਸੀ ਭਾਰਤੀਆਂ ਦੇ ਪ੍ਰਮੁੱਖ ਸੰਗਠਨ ਨੇ ਭਾਰਤ ਨੂੰ ਵੱਡੀ ਗਿਣਤੀ ਵਿਚ ਜ਼ਰੂਰੀ ਮੈਡੀਕਲ ਉਪਕਰਨ ਭੇਜੇ ਹਨ, ਜਿਨ੍ਹਾਂ ’ਚ ਵੈਂਟੀਲੇਟਰ, ਪਲਸ ਆਕਸੀਮੀਟਰ ਵੀ ਸ਼ਾਮਲ ਹਨ। ਇਸ ਸੰਗਠਨ ‘ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਆਫ ਦਿ ਟ੍ਰਾਇ ਸਟੇਟ ਏਰੀਆ ਆਫ ਨਿਊਯਾਰਕ, ਨਿਊਜਰਸੀ ਐਂਡ ਕੁਨੈਕਟਿਡ (ਐੱਫ. ਆਈ. ਏ.-ਐੱਨ. ਵਾਈ. ਐੱਨ. ਜੇ. ਸੀ. ਟੀ.) ਵੱਲੋਂ ਕਿਹਾ ਗਿਆ ਕਿ ਨਿਊਜਰਸੀ ਦੇ ਕਿਆਸਬੇ ਵਿਚ ਗੋਦਾਮ ’ਚੋਂ ਮੈਡੀਕਲ ਉਪਕਰਨ ਮੁੰਬਈ ਤੇ ਦਿੱਲੀ ਭੇਜੇ ਗਏ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਜੋ ਉਪਕਰਨ ਭੇਜੇ ਗਏ ਹਨ, ਉਨ੍ਹਾਂ ਵਿਚ 300 ਵੈਂਟੀਲੇਟਰ, 3000 ਵੈਂਟੀਲੇਟਰ ਸਰਕਿਟ, ਫਿਲਟਰ, ਫਲੋਅ ਸੈਂਸਰ, 100 ਪੋਰਟਲ ਵੈਂਟੀਲੇਟਰ ਤੇ 3,10,176 ਪਲਸ ਆਕਸੀਮੀਟਰ ਸ਼ਾਮਲ ਹਨ।
ਨਿਊਯਾਰਕ ਵਿਚ ਭਾਰਤ ਦੇ ਡਿਪਟੀ ਡਾਇਰੈਕਟਰ ਜਨਰਲ ਆਫ ਕਾਮਰਸ ਸ਼ਤਰੂਘਨ ਸਿਨਹਾ ਨੇ ਐੱਫ. ਆਈ. ਏ. ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਪ੍ਰਾਯੋਜਕਾਂ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਐੱਫ. ਆਈ. ਏ. ਨੇ ਕਿਹਾ ਕਿ ਭਾਰਤ ਨੇ ਅਪ੍ਰੈਲ ਤੇ ਮਈ ਵਿਚ ਕੋਰੋਨਾ ਵਾਇਰਸ ਦੀ ਤਬਾਹਕੁੰਨ ਦੂਸਰੀ ਲਹਿਰ ਦਾ ਸਾਹਮਣਾ ਕੀਤਾ ਹੈ, ਹੁਣ ਉਥੇ ਨਵੇਂ ਮਾਮਲਿਆਂ ਵਿਚ ਭਾਵੇਂ ਹੀ ਕਮੀ ਆ ਰਹੀ ਹੈ ਪਰ ਮਾਹਿਰਾਂ ਨੇ ਆਉਣ ਵਾਲੇ ਹਫਤਿਆਂ ਵਿਚ ਤੀਸਰੀ ਲਹਿਰ ਆਉਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਸੰਗਠਨ ਨੇ ਕਿਹਾ ਕਿ ਮੈਡੀਕਲ ਉਪਕਰਨਾਂ ਦੀ ਕਮੀ ਕਾਰਨ ਦੂਸਰੀ ਲਹਿਰ ਵਿਚ ਅਨੇਕਾਂ ਲੋਕਾਂ ਦੀ ਮੌਤ ਹੋ ਗਈ।
ਐੱਫ. ਆਈ. ਏ. ਤੀਸਰੀ ਲਹਿਰ ਤੋਂ ਪਹਿਲਾਂ ਜ਼ਰੂਰੀ ਮੈਡੀਕਲ ਉਪਕਰਨਾਂ ਦੀ ਉਪਲੱਬਧਤਾ ਯਕੀਨੀ ਕਰਨ ਦੇ ਭਾਰਤ ਸਰਕਾਰ ਦੇ ਯਤਨਾਂ ਵਿਚ ਮਦਦ ਦੇਣਾ ਚਾਹੁੰਦਾ ਹੈ। ਐੱਫ. ਆਈ. ਏ. ਦੀ ਕਾਰਜਕਾਰੀ ਸੰਮਤੀ ਦੇ ਮੈਂਬਰ ਤੇ ਜਨਰਲ ਸਕੱਤਰ ਪ੍ਰਵੀਨ ਬਾਂਸਲ ਨੇ ਕਿਹਾ ਕਿ ਇਹ ਖੇਪ ਪ੍ਰਵਾਸੀ ਭਾਰਤੀਆਂ ਵੱਲੋਂ ਰਾਹਤ ਯਤਨਾਂ ਦਾ ਇਕ ਹਿੱਸਾ ਹੈ, ਜੋ ਵਿਸ਼ਵ ਪੱਧਰੀ ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿਚ ਆਪਣੀ ਮਾਤ੍ਰਭੂਮੀ ਦੀ ਸੇਵਾ ਕਰਨਾ ਚਾਹੁੰਦੇ ਹਨ। ਉਪਕਰਨਾਂ ਦੀ ਖੇਪ ਭਾਰਤ ਭੇਜਣ ਵਿਚ ਮਦਦ ਦੇਣ ਲਈ ਐੱਫ. ਆਈ. ਏ. ਦੇ ਪ੍ਰਧਾਨ ਅੰਕੁਰ ਵੈਧ ਨੇ ਨਿਉੂਯਾਰਕ ਦੇ ਮੇਅਰ ਬਿਲ ਦੇ ਬਲਾਸੀਓ ਦਾ ਧੰਨਵਾਦ ਪ੍ਰਗਟਾਇਆ।