ਵੈਨਕੂਵਰ ''ਚ ਮੁੜ ਮਨਾਇਆ ਜਾਵੇਗਾ ਲਾਪੂ ਲਾਪੂ ਸਮਾਗਮ
Friday, Jan 09, 2026 - 05:47 AM (IST)
ਵੈਨਕੂਵਰ (ਮਲਕੀਤ ਸਿੰਘ) – ਪਿਛਲੇ ਸਾਲ ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਫਿਲੀਪੀਨੀ ਭਾਈਚਾਰੇ ਵੱਲੋਂ ਆਯੋਜਿਤ ਲਾਪੂ ਲਾਪੂ ਤਿਉਹਾਰ ਦੌਰਾਨ ਵਾਪਰੇ ਭਿਆਨਕ ਕਾਰ ਹਾਦਸੇ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਘਟਨਾ ਨੇ ਪੂਰੇ ਫਿਲੀਪੀਨੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਸੀ ਅਤੇ ਲੰਮੇ ਸਮੇਂ ਤੱਕ ਸੋਗ ਦੀ ਲਹਿਰ ਦੌੜੀ ਰਹੀ।
ਹੁਣ ਇੱਕ ਸਾਲ ਬਾਅਦ ਭਾਈਚਾਰੇ ਦੇ ਲੋਕਾਂ ਨੇ ਉਸ ਦਰਦਨਾਕ ਯਾਦ ਤੋਂ ਬਾਹਰ ਆਉਣ ਅਤੇ ਹੌਸਲਾ ਮੁੜ ਇਕੱਠਾ ਕਰਨ ਲਈ ਲਾਪੂ ਲਾਪੂ ਤਿਉਹਾਰ ਨੂੰ ਦੁਬਾਰਾ ਮਨਾਉਣ ਦਾ ਫੈਸਲਾ ਕੀਤਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਸਮਾਗਮ ਸਮੂਹਕ ਚੰਗਿਆਈ, ਪੀੜਤਾਂ ਦੀ ਯਾਦ ਵਿੱਚ ਸਨਮਾਨ ਅਤੇ ਇਕਜੁੱਟਤਾ ਦੇ ਸੁਨੇਹੇ ‘ਤੇ ਕੇਂਦਰਿਤ ਰਹੇਗਾ।
ਫਿਲੀਪੀਨੀ ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਮੁਤਾਬਕ ਇਹ ਤਿਉਹਾਰ ਅਪ੍ਰੈਲ 17 ਤੋਂ 19 ਤੱਕ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਆਯੋਜਕਾਂ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਕਾਫ਼ੀ ਕੜੇ ਰੱਖੇ ਜਾਣਗੇ।
ਸਮਾਗਮ ਦੌਰਾਨ ਪੀੜਤਾਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਵੇਗਾ ਅਤੇ ਵੱਖ-ਵੱਖ ਸੰਸਕ੍ਰਿਤਿਕ ਕਾਰਜਕ੍ਰਮਾਂ ਰਾਹੀਂ ਭਾਈਚਾਰੇ ਵਿੱਚ ਏਕਤਾ ਅਤੇ ਸਾਂਝ ਦਾ ਸੰਦੇਸ਼ ਦਿੱਤਾ ਜਾਵੇਗਾ। ਆਯੋਜਕਾਂ ਦਾ ਮੰਨਣਾ ਹੈ ਕਿ ਇਹ ਤਿਉਹਾਰ ਦੁੱਖ ਤੋਂ ਉਭਰ ਕੇ ਆਸ ਅਤੇ ਹੌਸਲੇ ਦਾ ਪ੍ਰਤੀਕ ਬਣੇਗਾ।
