ਭਾਰਤੀ ਮੂਲ ਦੇ ਕੁਲਕਰਨੀ ਨੇ ਜਿੱਤਿਆ ਡੈਮੋਕ੍ਰੇਟਿਕ ਪ੍ਰਾਇਮਰੀ
Thursday, Mar 05, 2020 - 01:49 AM (IST)
ਹਿਊਸਟਨ (ਭਾਸ਼ਾ) – ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪੈਸਟਨ ਕੁਲਕਰਨੀ ਨੇ ਟੈਕਸਾਸ ਦੇ 22ਵੇਂ ਕਾਂਗਰਸ ਜ਼ਿਲੇ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਬੁੱਧਵਾਰ ਆਸਾਨੀ ਨਾਲ ਜਿੱਤ ਲਿਆ। ਉਹ ਇਸ ਸਾਲ ਨਵੰਬਰ ਵਿਚ ਰਿਪਬਲਿਕਨ ਉਮੀਦਵਾਰ ਵਿਰੁੱਧ ਚੋਣ ਲੜਨਗੇ। 40 ਸਾਲਾ ਕੁਲਕਰਨੀ ਇਕ ਸਾਬਕਾ ਡਿਪਲੋਮੈਟ ਹਨ ਅਤੇ ਇਰਾਕ, ਇਜ਼ਰਾਇਲ ਅਤੇ ਤਾਈਵਾਨ ਵਿਚ ਕੰਮ ਕਰ ਚੁੱਕੇ ਹਨ। 'ਸੁਪਰ ਟਿਊਜ਼ਡੇਅ' ਦੀਆਂ ਪ੍ਰਾਈਮਰੀ ਚੋਣਾਂ 'ਚ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ ਸੈਨੇਟਰ ਬਰਨੀ ਸੈਂਡਰਸ ਵਿਚਕਾਰ ਮੁਕਾਬਲਾ ਸਖਤ ਹੋ ਰਿਹਾ ਹੈ। ਦੋਹਾਂ ਨੇਤਾਵਾਂ ਨੇ ਮੰਗਲਵਾਰ ਨੂੰ ਹੋਈ ਪ੍ਰਾਇਮਰੀ ਵੋਟਿੰਗ 'ਚ ਚੰਗੀ ਜਿੱਤ ਦਰਜ ਕੀਤੀ ਹੈ।
ਇਸ ਵਿਚਕਾਰ ਰੀਪਬਲਿਕਨ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਪ੍ਰਾਇਮਰੀਜ਼ 'ਚ ਡੋਨਾਲਡ ਟਰੰਪ ਨੇ ਜਿੱਤ ਦਰਜ ਕੀਤੀ ਹੈ। ਬਿਡੇਨ ਨੇ ਮੁੱਖ ਦੱਖਣੀ ਸੂਬਿਆਂ 'ਚ ਜਿੱਤ ਹਾਸਲ ਕੀਤੀ ਹੈ। ਅੱਠ ਸੂਬਿਆਂ 'ਚ ਜਿੱਤ ਦਰਜ ਕਰਨ ਕਰਕੇ ਉਨ੍ਹਾਂ ਦੀ ਉਮੀਦਵਾਰੀ ਦੀ ਮੁਹਿੰਮ ਨੂੰ ਗਤੀ ਮਿਲੀ ਹੈ। ਉੱਥੇ ਹੀ ਬਿਡੇਨ ਨਾਲ ਮੁਕਾਬਲਾ ਕਰ ਰਹੇ ਬਰਨੀ ਸੈਂਡਰਸ ਨੂੰ ਆਪਣੇ ਗ੍ਰਹਿ ਸੂਬੇ ਵਰਮੋਂਟ, ਕੋਲੋਰਾਡੋ ਅਤੇ ਉਤਾਹ 'ਚ ਜਿੱਤ ਮਿਲੀ ਹੈ। ਹਾਲਾਂਕਿ ਸੈਂਡਰਸ ਦਾ ਕੈਲੀਫੋਰਨੀਆ 'ਚ ਜਿੱਤ ਹਾਸਲ ਕਰਨਾ ਉਨ੍ਹਾਂ ਲਈ ਆਉਣ ਵਾਲੇ ਸਮੇਂ 'ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਅਹਿਮ ਮੰਨਿਆ ਜਾ ਰਿਹਾ ਹੈ। ਬਿਡੇਨ ਨੇ ਮੈਸਾਚੁਸਟੇਸ, ਅਲਬਾਮਾ, ਓਕਲਾਹੋਮਾ, ਟੈਨੇਸੀ, ਉੱਤਰੀ ਕੈਰੋਲੀਨਾ, ਆਰਕਾਸਾਂਸ, ਮਿਨੀਸੋਟਾ ਅਤੇ ਵਰਜੀਨੀਆ 'ਚ ਜਿੱਤ ਦਰਜ ਕੀਤੀ ਹੈ।