ਭਾਰਤੀ ਮੂਲ ਦੇ ਵਿਦਿਆਰਥੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਕੋਰੀਆਈ ਵਿਅਕਤੀ 'ਤੇ ਚੱਲੇਗਾ ਮੁਕੱਦਮਾ
Thursday, Sep 14, 2023 - 03:43 PM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦਾ ਪਿਛਲੇ ਸਾਲ ਉਸ ਦੇ ਹੋਸਟਲ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸਦੇ ਕੋਰੀਅਨ ਸਾਥੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਉਸ ਸਮੇਂ ਟਿਪੇਕੇਨੋ ਕਾਉਂਟੀ ਦੇ ਜੱਜ ਨੇ ਉਸਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ 'ਤੇ ਫਿੱਟ ਨਹੀਂ ਪਾਇਆ ਸੀ। ਇਸ ਲਈ ਕੇਸ ਅੱਗੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਅਦਾਲਤ ਨੇ ਉਸ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਕਤਲ ਮਾਮਲੇ 'ਚ ਕੋਰੀਆਈ ਵਿਅਕਤੀ ਗ੍ਰਿਫ਼ਤਾਰ
ਵਰਨਣਯੋਗ ਹੈ ਕਿ 20 ਸਾਲਾ ਵਿਦਿਆਰਥੀ ਵਰੁਣ ਮਨੀਸ਼ ਛੇੜਾ ਪਿਛਲੇ ਸਾਲ ਅਕਤੂਬਰ ਵਿਚ ਕੈਂਪਸ ਦੇ ਪੱਛਮੀ ਕਿਨਾਰੇ 'ਤੇ ਮੈਕਕਚੀਅਨ ਹਾਲ ਵਿਚ ਮ੍ਰਿਤਕ ਪਾਇਆ ਗਿਆ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਕੋਰੀਆ ਦੇ ਇੱਕ ਜੂਨੀਅਰ ਸਾਈਬਰ ਸੁਰੱਖਿਆ ਪ੍ਰਮੁੱਖ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਜੀ ਮਿਨ ਜਿੰਮੀ ਸ਼ਾਅ ਨੂੰ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਅਪ੍ਰੈਲ ਵਿੱਚ ਟਿਪੇਕੇਨੋ ਸਰਕਟ ਕੋਰਟ ਦੇ ਜੱਜ ਨੇ ਮੁਲਜ਼ਮ 'ਤੇ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਟਿਪੇਕੇਨੋ ਸਰਕਟ ਕੋਰਟ ਦੇ ਜੱਜ ਸ਼ਾਨ ਐੱਮ ਪਰਸਿਨ ਨੇ ਇਸ ਸਾਲ ਅਪ੍ਰੈਲ 'ਚ ਦਿੱਤੇ ਹੁਕਮ 'ਚ ਕਿਹਾ ਸੀ ਕਿ ਜਿੰਮੀ ਸ਼ਾਅ ਨੇ ਦੱਸਿਆ ਸੀ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਇਸ ਲਈ ਅਦਾਲਤ ਕੇਸ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੈ।
ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਲਈ ਨਿਰਧਾਰਿਤ
ਹੁਣ 12 ਸਤੰਬਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮ ਵਿਚ ਕਿਹਾ ਗਿਆ ਹੈ ਕਿ ਜਿੰਮੀ ਸ਼ਾਅ ਦਾ ਕਈ ਮਹੀਨਿਆਂ ਤੋਂ ਲੋਗਨਸਪੋਰਟ ਸਟੇਟ ਹਸਪਤਾਲ ਵਿਚ ਇਲਾਜ ਕੀਤਾ ਗਿਆ ਸੀ। ਹੁਣ ਉਹ ਠੀਕ ਹੈ। ਡਾਕਟਰਾਂ ਨੇ ਸ਼ਾਅ ਨੂੰ ਸੁਣਵਾਈ ਲਈ ਕਾਫੀ ਫਿੱਟ ਕਰਾਰ ਦਿੱਤਾ ਹੈ। ਹਸਪਤਾਲ ਦੀ ਸੁਪਰਡੈਂਟ ਬੇਥਨੀ ਸ਼ੋਨਰਾਡਟ ਨੇ ਜੱਜ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਜਿੰਮੀ ਸ਼ਾਅ ਹੁਣ ਠੀਕ ਚੱਲ ਰਿਹਾ ਹੈ। ਉਹ ਹੁਣ ਆਪਣਾ ਬਚਾਅ ਕਰ ਸਕਦਾ ਹੈ। ਜੱਜ ਨੇ ਫਿਰ ਟਿਪੇਕੇਨੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੂੰ ਸ਼ਾਅ ਨੂੰ ਕਾਉਂਟੀ ਜੇਲ੍ਹ ਵਿੱਚ ਵਾਪਸ ਲੈ ਜਾਣ ਦਾ ਨਿਰਦੇਸ਼ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਸ਼ਾਅ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 45 ਤੋਂ 60 ਸਾਲ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਲਈ ਨਿਰਧਾਰਿਤ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੁਰੱਖਿਆ ਦੇ ਉਦੇਸ਼ ਨਾਲ ਆਸਟ੍ਰੇਲੀਆ ਫੌਜੀਆਂ 'ਤੇ ਪਾਬੰਦੀਆਂ ਨੂੰ ਕਰੇਗਾ ਸਖਤ
ਇਹ ਹੈ ਮਾਮਲਾ
ਰਿਪੋਰਟਾਂ ਅਨੁਸਾਰ ਸ਼ਾਅ ਨੇ ਸਵੇਰੇ 12:45 ਵਜੇ ਪੁਲਸ ਨੂੰ ਇਹ ਰਿਪੋਰਟ ਕਰਨ ਲਈ ਬੁਲਾਇਆ ਕਿ ਉਸਨੇ ਮੈਕਕਚੀਅਨ ਹਾਲ ਵਿੱਚ ਆਪਣੇ ਰੂਮਮੇਟ ਨੂੰ ਚਾਕੂ ਮਾਰਿਆ ਹੈ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਜਿੱਥੇ ਉਸ ਨੇ ਛੇੜਾ ਨੂੰ ਕੁਰਸੀ 'ਤੇ ਅਤੇ ਸ਼ਾ ਖੂਨ ਨਾਲ ਲਥਪਥ ਪਾਇਆ। ਪੁਲਸ ਨੇ ਇਹ ਵੀ ਦੱਸਿਆ ਕਿ ਕੰਧ 'ਤੇ ਖੂਨ ਦੇ ਛਿੱਟੇ ਦੇ ਨਾਲ ਫਰਸ਼ 'ਤੇ ਖੂਨ ਨਾਲ ਲੱਥਪੱਥ ਚਾਕੂ ਵੀ ਪਿਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਸ਼ਾ ਨੇ ਪੁੱਛਗਿੱਛ ਦੌਰਾਨ ਕਥਿਤ ਤੌਰ 'ਤੇ ਮੰਨਿਆ ਕਿ ਚਾਕੂ ਉਸ ਦਾ ਸੀ ਅਤੇ ਉਸ ਨੇ ਇਸ ਨਾਲ ਆਪਣੇ ਰੂਮਮੇਟ ਦਾ ਕਤਲ ਕੀਤਾ ਸੀ। ਇੰਡੀਆਨਾ ਪੁਲਸ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਜੋ ਪਤਾ ਲੱਗਾ ਹੈ, ਉਸ ਮੁਤਾਬਕ ਇਹ ਕਤਲ ਬੇਵਜ੍ਹਾ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।