'ਟਾਵਰ ਆਫ ਲੰਡਨ' 'ਚ 'ਜਿੱਤ ਦੇ ਪ੍ਰਤੀਕ' ਵਜੋਂ ਪ੍ਰਦਰਸ਼ਿਤ ਹੋਵੇਗਾ 'ਕੋਹਿਨੂਰ', ਜਾਣੋ ਇਸ ਦਾ ਇਤਿਹਾਸ

Friday, Mar 17, 2023 - 04:13 PM (IST)

ਲੰਡਨ (ਭਾਸ਼ਾ)- ਵਿਵਾਦਤ ਬਸਤੀਵਾਦੀ ਦੌਰ ਦਾ ਹੀਰਾ 'ਕੋਹਿਨੂਰ' ਮਈ ਵਿੱਚ ਟਾਵਰ ਆਫ ਲੰਡਨ ਵਿੱਚ ਇੱਕ ਜਨਤਕ ਪ੍ਰਦਰਸ਼ਨੀ ਵਿੱਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਭਾਰਤ ਕੋਹਿਨੂਰ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਬ੍ਰਿਟੇਨ ਦੇ ਮਹਿਲਾਂ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦ ਹਿਸਟੋਰਿਕ ਰਾਇਲ ਪੈਲੇਸ (ਐੱਚ.ਆਰ.ਪੀ.) ਨੇ ਇਸ ਹਫ਼ਤੇ ਕਿਹਾ ਕਿ ਪ੍ਰਦਰਸ਼ਨੀ 'ਚ ਕੋਹਿਨੂਰ ਦਾ ਇਤਿਹਾਸ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਹੀਰਾ ਮਰਹੂਮ ਮਹਾਰਾਣੀ ਐਲਿਜ਼ਾਬੈਥੀ II ਦੇ ਤਾਜ ਦਾ ਹਿੱਸਾ ਸੀ, ਜਿਸ ਨੂੰ ਨਵੀਂ ਰਾਣੀ ਕੈਮਿਲਾ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਹ ਤਾਜ "ਟਾਵਰ ਆਫ਼ ਲੰਡਨ" ਵਿੱਚ ਰੱਖਿਆ ਗਿਆ ਹੈ। 

ਮਹਾਰਾਜਾ ਚਾਰਲਸ ਤੀਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਦੀ ਤਾਜਪੋਸ਼ੀ ਇਸ ਸਾਲ 6 ਮਈ ਨੂੰ ਹੋਣੀ ਹੈ, ਜਿਸ ਵਿਚ ਕੈਮਿਲਾ ਤਾਜ ਨਹੀਂ ਪਹਿਨੇਗੀ। ਨਵੀਂ ਪ੍ਰਸਤਾਵਿਤ ਪ੍ਰਦਰਸ਼ਨੀ ਦਾ ਹਵਾਲਾ ਦਿੰਦੇ ਹੋਏ ਐਚਆਰਪੀ ਨੇ ਕਿਹਾ ਕਿ “ਜਿੱਤ ਦੇ ਪ੍ਰਤੀਕ ਵਜੋਂ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ ਕੋਹਿਨੂਰ ਦਾ ਇਤਿਹਾਸ ਦੱਸਿਆ ਜਾਵੇਗਾ। ਇਸ ਵਿਚ ਉਹ ਇਤਿਹਾਸ ਵੀ ਸ਼ਾਮਲ ਹੈ ਜਦੋਂ ਇਹ ਹੀਰਾ ਮੁਗਲ ਸਾਮਰਾਜ, ਈਰਾਨ ਦੇ ਸ਼ਾਹਾਂ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਕੋਲ ਹੁੰਦਾ ਸੀ। ਫ਼ਾਰਸੀ ਭਾਸ਼ਾ ਵਿੱਚ ਕੋਹਿਨੂਰ ਦਾ ਅਰਥ ਹੈ ਰੋਸ਼ਨੀ ਦਾ ਪਹਾੜ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਦੇ ਭਾਰਤ ਦੀ ਮਹਾਰਾਣੀ ਬਣਨ ਤੋਂ ਕੁਝ ਸਾਲ ਪਹਿਲਾਂ ਇਹ ਉਸ ਦੇ ਕਬਜ਼ੇ ਵਿੱਚ ਚਲਾ ਗਿਆ ਸੀ। ਇਹ ਹੀਰਾ ਅਤੀਤ ਵਿੱਚ ਬ੍ਰਿਟੇਨ ਵਿੱਚ ਤਾਜਪੋਸ਼ੀ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਹੀਰਾ ਕਿੰਗ ਚਾਰਲਸ III ਅਤੇ ਉਸਦੀ ਪਤਨੀ ਕੈਮਿਲਾ ਦੀ ਤਾਜਪੋਸ਼ੀ ਤੋਂ ਬਾਅਦ ਟਾਵਰ ਆਫ ਲੰਡਨ ਵਿਖੇ ਖਿੱਚ ਦਾ ਕੇਂਦਰ ਬਣ ਜਾਵੇਗਾ।

ਜਾਣੋ ਕੋਹਿਨੂਰ ਦਾ ਇਤਿਹਾਸ 

-ਕੋਹਿਨੂਰ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਕੀਮਤੀ ਹੀਰਾ ਹੈ। ਮੰਨਿਆ ਜਾਂਦਾ ਹੈ ਕਿ ਇਹ ਹੀਰਾ 14ਵੀਂ ਸਦੀ ਵਿੱਚ ਆਂਧਰਾ ਪ੍ਰਦੇਸ਼ ਦੇ ਗੋਲਕੁੰਡਾ ਵਿੱਚ ਇੱਕ ਖਾਨ ਵਿੱਚੋਂ ਮਿਲਿਆ ਸੀ। ਉਦੋਂ ਇਸ ਦਾ ਭਾਰ 793 ਕੈਰੇਟ ਸੀ। ਕਈ ਸਦੀਆਂ ਤੋਂ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮੰਨਿਆ ਜਾਂਦਾ ਸੀ।

-ਹਾਲਾਂਕਿ ਸਮੇਂ ਦੇ ਨਾਲ ਇਸ ਹੀਰੇ ਨੂੰ ਕੱਟਿਆ ਜਾਂਦਾ ਰਿਹਾ, ਜਿਸ ਕਾਰਨ ਇਹ ਛੋਟਾ ਹੁੰਦਾ ਗਿਆ। ਇੱਕ ਰਿਪੋਰਟ ਅਨੁਸਾਰ 1526 ਵਿੱਚ ਪਾਣੀਪਤ ਦੀ ਜੰਗ ਦੌਰਾਨ ਗਵਾਲੀਅਰ ਦੇ ਮਹਾਰਾਜਾ ਬਿਕਰਮਜੀਤ ਸਿੰਘ ਨੇ ਆਪਣੀ ਸਾਰੀ ਜਾਇਦਾਦ ਆਗਰਾ ਦੇ ਕਿਲ੍ਹੇ ਵਿੱਚ ਰੱਖੀ ਹੋਈ ਸੀ। ਬਾਬਰ ਨੇ ਜੰਗ ਜਿੱਤ ਕੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਕੋਹਿਨੂਰ ਹੀਰਾ ਵੀ ਉਸ ਕੋਲ ਆ ਗਿਆ। ਉਦੋਂ ਇਹ 186 ਕੈਰੇਟ ਦਾ ਸੀ।

- ਕਿਹਾ ਜਾਂਦਾ ਹੈ ਕਿ 1738 ਵਿਚ ਈਰਾਨ ਦੇ ਸ਼ਾਸਕ ਨਾਦਿਰ ਸ਼ਾਹ ਨੇ ਮੁਗਲ ਸਲਤਨਤ 'ਤੇ ਹਮਲਾ ਕੀਤਾ ਅਤੇ ਇਸ ਤਰ੍ਹਾਂ ਇਹ ਹੀਰਾ ਉਸ ਕੋਲ ਆਇਆ। ਇਸ ਹੀਰੇ ਨੂੰ ‘ਕੋਹਿਨੂਰ’ ਨਾਂ ਨਾਦਿਰ ਸ਼ਾਹ ਨੇ ਦਿੱਤਾ ਸੀ।

-ਨਾਦਿਰ ਸ਼ਾਹ ਇਸ ਹੀਰੇ ਨੂੰ ਆਪਣੇ ਨਾਲ ਈਰਾਨ ਲੈ ਗਿਆ। 1747 ਵਿਚ ਨਾਦਿਰ ਸ਼ਾਹ ਦਾ ਕਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਇਹ ਹੀਰਾ ਉਨ੍ਹਾਂ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ ਆਇਆ। ਸ਼ਾਹਰੁਖ ਨੇ ਇਹ ਹੀਰਾ ਆਪਣੇ ਕਮਾਂਡਰ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਸੀ।

-ਅਬਦਾਲੀ ਇਸ ਨੂੰ ਲੈ ਕੇ ਅਫਗਾਨਿਸਤਾਨ ਚਲਾ ਗਿਆ। ਜਦੋਂ ਅਬਦਾਲੀ ਦਾ ਵੰਸ਼ਜ ਸ਼ੁਜਾ ਸ਼ਾਹ ਲਾਹੌਰ ਪਹੁੰਚਿਆ ਤਾਂ ਕੋਹਿਨੂਰ ਹੀਰਾ ਵੀ ਉਸ ਦੇ ਨਾਲ ਸੀ। ਜਦੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ 1813 ਵਿੱਚ ਸ਼ੁਜਾ ਸ਼ਾਹ ਤੋਂ ਇਹ ਹੀਰਾ ਲੈ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ ਰੂਸ ਦਾ ਦੌਰਾ, ਯੂਕ੍ਰੇਨ 'ਤੇ ਕਰ ਸਕਦੇ ਹਨ ਚਰਚਾ 

ਇਸ ਤਰ੍ਹਾਂ ਅੰਗਰੇਜ਼ਾਂ ਕੋਲ ਪਹੁੰਚਿਆ ਇਹ ਹੀਰਾ 

- ਮਹਾਰਾਜਾ ਰਣਜੀਤ ਸਿੰਘ ਆਪਣੇ ਤਾਜ ਵਿੱਚ ਕੋਹਿਨੂਰ ਹੀਰਾ ਪਹਿਨਦੇ ਸਨ। 1839 ਵਿਚ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਦਲੀਪ ਸਿੰਘ ਕੋਲ ਗਿਆ।

- 1849 ਵਿੱਚ ਬ੍ਰਿਟੇਨ ਨੇ ਮਹਾਰਾਜੇ ਨੂੰ ਹਰਾਇਆ। 29 ਮਾਰਚ 1849 ਨੂੰ ਲਾਹੌਰ ਦੇ ਕਿਲੇ ਵਿਚ ਸੰਧੀ ਹੋਈ। ਉਸ ਸਮੇਂ ਦਲੀਪ ਸਿੰਘ ਦੀ ਉਮਰ ਸਿਰਫ਼ 10 ਸਾਲ ਸੀ।

- ਇਸ ਸੰਧੀ 'ਤੇ ਮਹਾਰਾਜਾ ਦਲੀਪ ਸਿੰਘ ਨੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਨੂੰ ਵੀ ਸੌਂਪਿਆ ਜਾਣਾ ਸੀ।

-1850 ਵਿੱਚ ਤਤਕਾਲੀ ਗਵਰਨਰ ਲਾਰਡ ਡਲਹੌਜ਼ੀ ਪਹਿਲਾਂ ਕੋਹਿਨੂਰ ਨੂੰ ਲਾਹੌਰ ਤੋਂ ਮੁੰਬਈ ਲੈ ਕੇ ਆਏ ਅਤੇ ਫਿਰ ਇੱਥੋਂ ਲੰਡਨ ਪਹੁੰਚ ਗਏ।

- 3 ਜੁਲਾਈ 1850 ਨੂੰ ਕੋਹਿਨੂਰ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ। ਇਸ ਹੀਰੇ ਨੂੰ ਦੁਬਾਰਾ ਕੱਟਿਆ ਗਿਆ ਅਤੇ ਫਿਰ ਇਸ ਦਾ ਭਾਰ 108.93 ਕੈਰੇਟ ਹੋ ਗਿਆ। ਫਿਰ ਇਹ ਰਾਣੀ ਦੇ ਤਾਜ ਦਾ ਹਿੱਸਾ ਬਣ ਗਿਆ। ਹੁਣ ਇਸ ਦਾ ਭਾਰ 105.6 ਕੈਰੇਟ ਹੈ।
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News