ਕੋਈ Criminal Record ਨਹੀਂ, ਮਾਂ ਦਾ ਇਕਲੌਤਾ ਪੁੱਤ ਸੀ, ਜਾਣੋ ਕੌਣ ਹੈ ਨਾਹੇਲ, ਜਿਸ ਦੀ ਮੌਤ ਕਾਰਨ ਜਲ਼ ਰਿਹਾ ਫਰਾਂਸ?
Saturday, Jul 01, 2023 - 09:57 PM (IST)
ਪੈਰਿਸ : ਫਰਾਂਸ 'ਚ 17 ਸਾਲਾ ਡਲਿਵਰੀ ਬੁਆਏ ਨਾਹੇਲ ਦੀ ਹੱਤਿਆ ਤੋਂ ਬਾਅਦ ਪੈਰਿਸ ਤੋਂ ਇਲਾਵਾ ਦੇਸ਼ ਦੇ ਕਈ ਸ਼ਹਿਰ ਦੰਗਿਆਂ ਦੀ ਅੱਗ ਨਾਲ ਜਲ਼ ਰਹੇ ਹਨ। ਟ੍ਰੈਫਿਕ ਜਾਂਚ ਦੌਰਾਨ ਨਾਹੇਲ ਦੇ ਕਤਲ ਦਾ ਵੀਡੀਓ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਨਾਹੇਲ ਚੈਕਿੰਗ ਲਈ ਨਹੀਂ ਰੁਕਿਆ ਤਾਂ ਉਸ ਨੇ ਆਪਣੀ ਕਾਰ ਅੱਗੇ ਲੰਘਾ ਲਈ। ਇਸ 'ਤੇ ਪੁਲਸ ਵਾਲਿਆਂ ਨੇ ਉਸ ਨੂੰ ਪੁਆਇੰਟ ਬਲੈਂਕ 'ਤੇ ਗੋਲ਼ੀ ਮਾਰ ਦਿੱਤੀ, ਜਿਸ ਨਾਲ ਨਾਹੇਲ ਦੀ ਮੌਤ ਹੋ ਗਈ। ਇਸ ਘਟਨਾ ਨੇ ਫਰਾਂਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਥੋਂ ਦੇ ਲੋਕ ਭੜਕੇ ਹੋਏ ਹਨ।
ਇਹ ਵੀ ਪੜ੍ਹੋ : ਫਰਾਂਸ 'ਚ ਲੱਗੇਗੀ ਐਮਰਜੈਂਸੀ! ਤੀਜੇ ਦਿਨ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ
ਪੈਰਿਸ 'ਚ ਲਗਾਤਾਰ ਚੌਥੇ ਦਿਨ ਲੋਕਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡਿਵਾਈਡਰ ਲਾ ਕੇ ਸੜਕਾਂ ਜਾਮ ਕਰ ਦਿੱਤੀਆਂ। ਅੱਗਜ਼ਨੀ ਕੀਤੀ ਅਤੇ ਪੁਲਸ ਮੁਲਾਜ਼ਮਾਂ 'ਤੇ ਪਟਾਕੇ ਸੁੱਟੇ। ਪੁਲਸ ਨੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਰਿਪੋਰਟਾਂ ਅਨੁਸਾਰ ਝੜਪਾਂ ਦੀਆਂ ਘਟਨਾਵਾਂ ਵਿੱਚ 200 ਪੁਲਸ ਅਧਿਕਾਰੀ ਜ਼ਖ਼ਮੀ ਹੋਏ ਹਨ। ਫਰਾਂਸ ਦੀ ਸਰਕਾਰ ਨੇ ਕਿਹਾ ਕਿ ਪੁਲਸ ਗੋਲ਼ੀਬਾਰੀ ਵਿੱਚ ਨੌਜਵਾਨ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨਾਂ ਦੀ ਚੌਥੀ ਰਾਤ ਦੌਰਾਨ 1,311 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਨਾਹੇਲ ਦੀ ਮਾਂ ਮੌਨੀਆ ਨੇ ਦੱਸਿਆ ਕਿ ਉਸ ਦਾ ਬੱਚਾ ਰਗਬੀ ਲੀਗ 'ਚ ਖੇਡਦਾ ਸੀ। ਉਹ ਆਪਣੀ ਮਾਂ ਦਾ ਇਕਲੌਤਾ ਬੇਟਾ ਸੀ ਅਤੇ ਟੇਕਵੇਅ ਡਲਿਵਰੀ ਕਰਦਾ ਸੀ। ਅਲਜੀਰੀਆਈ ਮੂਲ ਦੇ ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਮਾਂ ਮੁਤਾਬਕ ਨਾਹੇਲ ਦੀ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਇਲੈਕਟ੍ਰੀਸ਼ੀਅਨ ਬਣਨ ਲਈ ਕਾਲਜ ਵਿੱਚ ਦਾਖਲਾ ਲਿਆ ਸੀ।
ਇਹ ਵੀ ਪੜ੍ਹੋ : ਭਾਰਤ ਦੇ ਪਹਿਲੇ ਸਵਦੇਸ਼ੀ ਪ੍ਰਮਾਣੂ ਪਾਵਰ ਰਿਐਕਟਰ ਨੇ ਗੁਜਰਾਤ 'ਚ ਕੀਤਾ ਕੰਮ ਸ਼ੁਰੂ, 700 ਮੈਗਾਵਾਟ ਹੈ ਸਮਰੱਥਾ
ਹਾਲਾਂਕਿ, ਹਾਜ਼ਰੀ ਦਾ ਰਿਕਾਰਡ ਮਾੜਾ ਹੈ। ਮਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਘਰੋਂ ਨਿਕਲਦੇ ਸਮੇਂ ਨਾਹੇਲ ਉਸ ਨੂੰ ਚੁੰਮ ਕੇ ਗਿਆ ਸੀ। ਕੁਝ ਮਿੰਟਾਂ ਬਾਅਦ ਪੁਲਸ ਦੀ ਟ੍ਰੈਫਿਕ ਜਾਂਚ ਤੋਂ ਬਚਣ ਲਈ ਦੌੜਦੇ ਸਮੇਂ ਉਸ ਨੂੰ ਪੁਆਇੰਟ-ਬਲੈਂਕ 'ਤੇ ਗੋਲ਼ੀ ਮਾਰ ਦਿੱਤੀ ਗਈ। ਕਲੱਬ ਦੇ ਪ੍ਰਧਾਨ ਜਿੱਥੇ ਨਾਹੇਲ 9 ਸਾਲ ਤੋਂ ਰਗਬੀ ਖੇਡ ਰਿਹਾ ਸੀ, ਨੇ ਇਕ ਫਰਾਂਸੀਸੀ ਅਖ਼ਬਾਰ ਨੂੰ ਦੱਸਿਆ ਕਿ ਨਾਹੇਲ ਫਿੱਟ ਹੋਣ ਦੀ ਇੱਛਾ ਰੱਖਦਾ ਸੀ। ਉਹ ਉਨ੍ਹਾਂ ਬੱਚਿਆਂ 'ਚੋਂ ਨਹੀਂ ਸੀ, ਜੋ ਨਸ਼ੇ ਜਾਂ ਅਪਰਾਧ ਕਰਦੇ ਹਨ। ਸੋਸ਼ਲਿਸਟ ਪਾਰਟੀ ਦੇ ਨੇਤਾ ਓਲੀਵੀਅਰ ਫੌਰੇ ਨੇ ਕਿਹਾ ਕਿ 'ਰੋਕਣ ਤੋਂ ਇਨਕਾਰ ਕਰਨ ਨਾਲ ਤੁਹਾਨੂੰ ਮਾਰਨ ਦਾ ਲਾਇਸੈਂਸ ਨਹੀਂ ਮਿਲਦਾ। ਗਣਰਾਜ ਦੇ ਸਾਰੇ ਬੱਚਿਆਂ ਨੂੰ ਨਿਆਂ ਦਾ ਅਧਿਕਾਰ ਹੈ।'
ਇਹ ਵੀ ਪੜ੍ਹੋ : PM ਮੋਦੀ ਤੇ ਪੁਤਿਨ ਵਿਚਾਲੇ ਫੋਨ 'ਤੇ ਹੋਈ ਗੱਲਬਾਤ, ਯੂਕ੍ਰੇਨ ਸਣੇ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਸ ਗੋਲ਼ੀਬਾਰੀ 'ਚ ਇਕ 17 ਸਾਲਾ ਲੜਕੇ ਦੀ ਮੌਤ ਤੋਂ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੀ ਚੌਥੀ ਰਾਤ ਦੌਰਾਨ ਦੇਸ਼ ਭਰ ਵਿੱਚ 1,311 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਨੇ ਹਿੰਸਾ ਨੂੰ ਰੋਕਣ ਲਈ ਦੇਸ਼ ਭਰ ਵਿੱਚ 45,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਰਾਤ ਭਰ ਝੜਪ ਹੁੰਦੀ ਰਹੀ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਵਾਂ 'ਤੇ ਲਗਭਗ 2500 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਭੰਨਤੋੜ ਕੀਤੀ। ਨੈਨਟੇਰੇ ਦੇ ਇਕ ਉਪਨਗਰ 'ਚ ਮੰਗਲਵਾਰ ਨੂੰ ਪੁਲਸ ਦੀ ਗੋਲ਼ੀਬਾਰੀ ਵਿੱਚ ਮਾਰੇ ਗਏ ਨਾਹੇਲ ਨੂੰ ਦਫ਼ਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani