ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿਖੇ ਕਰਵਾਇਆ 20ਵਾਂ ਸਾਲਾਨਾ 3 ਦਿਨਾ ਕੀਰਤਨ ਸਮਾਗਮ
Monday, Oct 03, 2022 - 04:48 AM (IST)
ਸਿਨਸਿਨਾਟੀ (ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ਦੇ ਸੂਬੇ ਓਹਾਇੳ ਦੇ ਸ਼ਹਿਰ ਸਿਨਸਿਨਾਟੀ ਵਿਖੇ 20ਵਾਂ ਸਾਲਾਨਾ 3 ਦਿਨਾ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਨਾਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਅਮਰੀਕਾ ਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਆਨੰਦਮਈ ਕੀਰਤਨ ਅਤੇ ਪ੍ਰੇਰਣਾਦਾਇਕ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ। ਸਿਨਸਿਨਾਟੀ ਦੀ ਸੰਗਤ ਇਸ ਸਾਲਾਨਾ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ ਅਤੇ ਗੁਰੂ ਸਾਹਿਬ ਤੇ ਗੁਰੂ ਜੀ ਦੇ ਪਿਆਰੇ ਸਿੱਖਾਂ ਦੀ ਸੰਗਤ ਵਿੱਚ 3 ਦਿਨ ਬਿਤਾਉਣ ਲਈ ਉਤਸੁਕ ਰਹਿੰਦੀ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬੱਚੇ ਨੂੰ ਡਰਾ-ਧਮਕਾ ਮੈਡੀਕਲ ਸਟੋਰ 'ਚੋਂ ਲੁੱਟ ਕੇ ਲੈ ਗਏ ਲੈਪਟਾਪ ਤੇ ਮੋਬਾਈਲ
ਸਮਾਗਮ 'ਚ ਭਾਗ ਲੈਣ ਲਈ ਭਾਈ ਅਨੰਤਵੀਰ ਸਿੰਘ ਲਾਸ ਏਂਜਲਸ, ਭਾਈ ਸਵਿੰਦਰ ਸਿੰਘ ਮੈਰੀਲੈਂਡ ਤੇ ਭਾਈ ਗੁਰਸੇਵ ਸਿੰਘ ਟੋਰਾਂਟੇ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ। ਇਨ੍ਹਾਂ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। 3 ਦਿਨ ਕੀਰਤਨੀਆਂ ਵੱਲੋਂ 20 ਘੰਟੇ, ਜਿਸ ਵਿੱਚ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਸਨ, ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਕੀਰਤਨ ਦੌਰਾਨ ਕੋਈ ਘੋਸ਼ਣਾ ਨਹੀਂ ਕੀਤੀ ਗਈ ਅਤੇ ਸਾਰੇ ਕੀਰਤਨ ਕਰਨ ਵਾਲੇ ਸੇਵਾਦਾਰਾਂ ਨੂੰ ਪਹਿਲਾਂ ਹੀ ਵਾਰੀ ਅਤੇ ਸਮਾਂ ਦਿੱਤਾ ਗਿਆ ਸੀ। ਹੋਰ ਕਿਸੇ ਨੇ ਕੀਰਤਨ ਕਰਨ ਲਈ ਵਾਰੀ ਮੰਗਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਸਾਰੇ ਕੀਰਤਨ ਦੌਰਾਨ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੰਗਤ ਵਿਚ ਬੈਠੇ ਕਿਸੇ ਨੂੰ ਘਰ ਜਾਣ ਜਾਂ ਸੌਣ ਦੀ ਕੋਈ ਇੱਛਾ ਨਹੀਂ ਸੀ।
ਇਹ ਵੀ ਪੜ੍ਹੋ : G Khan ਦੀ ਮੁਆਫ਼ੀ ਨੂੰ ਲੈ ਕੇ 2 ਧਿਰਾਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ
ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਨਾਮ ਦੀ ਗੂੰਜ ਮਹਿਸੂਸ ਹੁੰਦੀ ਰਹੀ। ਸਿਨਸਿਨਾਟੀ ਵਿਖੇ ਸਾਲ 2003 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲਾਨਾ ਕੀਰਤਨ ਸਮਾਗਮ ਨੂੰ ਸ਼ੁਰੂ ਕਰਨ ਵਾਲੇ ਨੌਜਵਾਨ ਭਾਈ ਜੈਪਾਲ ਸਿੰਘ ਇਸ ਸਾਲ ਮਈ ਮਹੀਨੇ 41 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਸੰਗਤਾਂ ਨੂੰ ਵਿਛੋੜਾ ਦੇ ਗਏ। ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਸਾਰੀ ਸੰਗਤ ਨੇ ਇਸ ਨੂੰ ਜਾਰੀ ਰੱਖਦਿਆਂ ਇਸ ਕੀਰਤਨ ਸਮਾਗਮ ਦਾ ਆਯੋਜਨ ਕੀਤਾ। ਉਨ੍ਹਾਂ ਨੂੰ ਯਾਦ ਕਰਦਿਆਂ ਇਹ ਅਰਦਾਸ ਵੀ ਕੀਤੀ ਗਈ ਕਿ ਇਸ ਸਾਲਾਨਾ ਸਮਾਗਮ ਦਾ ਆਯੋਜਨ ਸਤੰਬਰ ਜਾਂ ਅਕਤੂਬਰ ਮਹੀਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੇੜੇ ਹੁੰਦਾ ਰਹੇ ਅਤੇ ਇਸੇ ਤਰ੍ਹਾਂ ਹਰ ਸਾਲ ਦੂਰ-ਦੁਰਾਡਿਓਂ ਆ ਕੇ ਸੰਗਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਨ ਲਈ ਜੁੜਦੀ ਰਹੇ।
ਇਹ ਵੀ ਪੜ੍ਹੋ : ਅਮਲੋਹ ਦੇ ਵਿਧਾਇਕ ਦੇ ਗਲਤ ਰਵੱਈਏ ਕਾਰਨ ਝੋਨੇ ਦੀ ਖਰੀਦ 'ਚ ਪਏਗਾ ਵਿਘਨ : ਬਾਜਵਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।