ਇਹ ਹੈ ਕਿਮ ਜੋਂਗ ਉਨ ਦਾ ਆਲੀਸ਼ਾਨ ਘਰ, ਪਹਿਲੀ ਵਾਰ ਤਸਵੀਰਾਂ ਆਈਆਂ ਸਾਹਮਣੇ
Saturday, Jun 02, 2018 - 04:51 PM (IST)

ਪਯੋਂਗਯਾਂਗ— ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 12 ਜੂਨ ਨੂੰ ਸਿੰਗਾਪਰ 'ਚ ਇਤਿਹਾਸਕ ਮੁਲਾਕਾਤ ਹੋਣ ਵਾਲੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਮ ਜੋਂਗ ਨਾਲ ਪਯੋਂਗਯਾਂਗ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਕਿਮ ਜੋਂਗ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਦੱਸ ਦੇਈਏ ਕਿ ਕਿਮ ਜੋਂਗ ਉਨ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਸੀਕ੍ਰੇਟ ਰੱਖੀ ਗਈ ਹੈ, ਹੁਣ ਹੌਲੀ-ਹੌਲੀ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਸਾਹਮਣੇ ਆਉਣ ਲੱਗੇ ਹਨ।
ਕਿਮ ਦੇ ਘਰ ਦੀਆਂ ਤਸਵੀਰਾਂ ਰੂਸੀ ਪੱਤਰਕਾਰ ਨੇ ਰਿਲੀਜ਼ ਕੀਤੀਆਂ ਹਨ ਅਤੇ ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਦੇ ਘਰ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਸਕੀ ਹੈ। ਇਹ ਪੱਤਰਕਾਰ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਪਯੋਂਗਯਾਂਗ ਗਏ ਸਨ। ਪੱਤਰਕਾਰ ਵੈਲੇਰੀ ਸ਼ਾਰੀਫਊਨਿਲ ਨੇ ਇਹ ਤਸਵੀਰਾਂ ਕਲਿੱਕ ਕੀਤੀਆਂ ਹਨ।
ਵੈਲਰੀ ਪਹਿਲੇ ਅਜਿਹੇ ਪੱਤਰਕਾਰ ਹਨ, ਜਿਨ੍ਹਾਂ ਨੂੰ ਕਿਮ ਦੇ ਘਰ ਦੀਆਂ ਤਸਵੀਰਾਂ ਲੈਣ ਦਾ ਮੌਕਾ ਮਿਲਿਆ। ਤਸਵੀਰਾਂ 'ਚ ਸਾਫ ਨਜ਼ਰ ਆਉਂਦਾ ਹੈ ਕਿ ਕਿਮ ਦਾ ਘਰ ਬਹੁਤ ਹੀ ਸਾਫ-ਸੁਥਰਾ ਹੈ। ਉਨ੍ਹਾਂ ਦੇ ਘਰ ਦਾ ਬਗੀਚਾ ਪੁਰਾਣੇ ਜ਼ਮਾਨੇ ਤੋਂ ਪ੍ਰੇਰਿਤ ਹੈ।
ਕਿਮ ਦੇ ਇਸ ਆਲੀਸ਼ਾਨ ਘਰ ਨੂੰ ਬਹੁਤ ਹੀ ਸਾਧਾਰਨ ਤਰੀਕੇ ਨਾਲ ਸਜਾਇਆ ਗਿਆ ਹੈ। ਘਰ ਦੇ ਵਿਹੜੇ ਵਿਚ ਕਈ ਫੁਵਾਰੇ ਹਨ। ਘਰ ਦੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਮ ਨੂੰ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਦਾ ਕਾਫੀ ਸ਼ੌਕ ਹੈ। ਉਨ੍ਹਾਂ ਦੇ ਘਰ ਵਿਚ ਕਈ ਤਰ੍ਹਾਂ ਦੀਆਂ ਮੂਰਤੀਆਂ ਮੌਜੂਦ ਹਨ।