ਕਿਮ ਜੋਂਗ ਓਨ ਨੇ ਇਸ ਕਾਰਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਤੋਂ ਮੰਗੀ ਮੁਆਫੀ
Saturday, Sep 26, 2020 - 02:56 AM (IST)

ਪਿਓਂਗਯਾਂਗ - ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਮੁਤਾਬਕ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਦੱਖਣੀ ਕੋਰੀਆ ਦੇ ਇਕ ਅਧਿਕਾਰੀ ਦੇ ਮਾਰੇ ਜਾਣ ਨੂੰ ਲੈ ਕੇ ਮੁਆਫੀ ਮੰਗੀ ਹੈ। ਇਹ ਦੱਸਿਆ ਗਿਆ ਹੈ ਕਿ ਕਿਮ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ ਕਿਹਾ ਹੈ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ। ਦੱਖਣੀ ਕੋਰੀਆ ਨੇ ਕਿਹਾ ਹੈ ਕਿ 47 ਸਾਲਾ ਇਕ ਵਿਅਕਤੀ ਕਥਿਤ ਤੌਰ 'ਤੇ ਉੱਤਰੀ ਕੋਰੀਆ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦ ਉੱਤਰੀ ਕੋਰੀਆ ਦੇ ਫੌਜੀਆਂ ਨੇ ਉਸ ਨੂੰ ਪਾਣੀ ਵਿਚ ਸੁੱਟ ਦਿੱਤਾ।
ਦੱਖਣੀ ਕੋਰੀਆ ਮੁਤਾਬਕ ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਲਾਸ਼ ਨੂੰ ਸਾੜ ਦਿੱਤਾ ਗਿਆ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੀ ਸਰਹੱਦ 'ਤੇ ਸਖਤ ਸੁਰੱਖਿਆ ਹੁੰਦੀ ਹੈ। ਸਮਝਿਆ ਜਾਂਦਾ ਹੈ ਕਿ ਉਥੇ ਕੋਰੋਨਾਵਾਇਰਸ ਕਾਰਨ ਬਾਹਰ ਤੋਂ ਦੇਸ਼ ਵਿਚ ਆਉਣ ਤੋਂ ਰੋਕਣ ਦੇ ਇਰਾਦੇ ਨਾਲ ਦੇਖਦੀ ਹੀ ਗੋਲੀ ਮਾਰ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਬਲੂ ਹਾਊਸ ਮੁਤਾਬਕ ਕਿਮ ਜੋਂਗ ਓਨ ਨੇ ਰਾਸ਼ਟਰਪਤੀ ਮੂਨ ਨੂੰ ਇਕ ਚਿੱਠੀ ਲਿੱਖ ਕੇ ਮੁਆਫੀ ਮੰਗੀ ਹੈ। ਕਿਮ ਨੇ ਇਸ ਵਿਚ ਆਖਿਆ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਮੂਨ ਅਤੇ ਦੱਖਣੀ ਕੋਰੀਆਈ ਲੋਕਾਂ ਨੂੰ ਨਿਰਾਸ਼ ਕਰਨ ਲਈ ਦੁੱਖ ਹੈ।
ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਇਸ ਘਟਨਾ ਦੇ ਬਾਰੇ ਵਿਚ ਕੀਤੀ ਗਈ ਜਾਂਚ ਦੇ ਸਿੱਟੇ ਵੀ ਸੌਂਪ ਦਿੱਤੇ ਹਨ। ਇਸ ਵਿਚ ਆਖਿਆ ਗਿਆ ਹੈ ਕਿ ਇਸ ਵਿਅਕਤੀ 'ਤੇ 10 ਤੋਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਜਦ ਉਹ ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ ਵਿਚ ਆਇਆ ਅਤੇ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉੱਤਰੀ ਕੋਰੀਆ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਲਾਸ਼ ਨਹੀਂ ਸਾੜੀ ਬਲਕਿ ਉਹ ਜਿਸ ਸਮਾਨ 'ਤੇ ਤੈਰਦਾ ਆਇਆ ਸੀ ਉਸ ਨੂੰ ਜਲਾਇਆ ਗਿਆ। ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟਰ ਸੁਹ ਹੂਨ ਨੇ ਇਸ ਚਿੱਠੀ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਫੌਜੀ ਗੋਲੀਆਂ ਚਲਾਉਣ ਤੋਂ ਬਾਅਦ ਅਣਪਛਾਤੇ ਘੁਸਪੈਠੀਆਂ ਨੂੰ ਨਾ ਲੱਭ ਸਕੇ ਅਤੇ ਉਸ ਤੋਂ ਬਾਅਦ ਮਹਾਮਾਰੀ ਦੀ ਰੋਕਥਾਮ ਲਈ ਲਾਗੂ ਆਪਾਤ ਪ੍ਰਬੰਧਾਂ ਮੁਤਾਬਕ ਉਸ ਸਮਾਨ ਨੂੰ ਸਾੜ ਦਿੱਤਾ।