ਪਾਕਿਸਤਾਨ ''ਚ ਇਕ ਹੋਰ ਹਿੰਦੂ ਲੜਕੀ ਅਗਵਾ, ਕਰਵਾਇਆ ਧਰਮ ਪਰਿਵਰਤਨ

01/20/2020 6:45:35 PM

ਲਾਹੌਰ (ਏਜੰਸੀ)- ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਸਿੰਧ ਸੂਬੇ ਦਾ ਹੈ, ਜਿੱਥੇ ਜੈਕਬਾਬਾਦ ਇਲਾਕੇ ਵਿਚ ਇਕ ਹਿੰਦੂ ਲੜਕੀ ਅਰੋਕ ਕੁਮਾਰੀ ਨੂੰ ਬੀਤੇ ਬੁੱਧਵਾਰ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਰੋਕ ਕੁਮਾਰੀ ਦੇ ਅਗਵਾ ਹੋਣ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਲੜਕੀ ਨੇ ਦੱਸਿਆ ਕਿ ਉਸ ਨੇ ਧਰਮ ਪਰਿਵਰਤਨ ਕਰਕੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਇਕ ਮੁਸਲਿਮ ਲੜਕੇ ਅਲੀ ਰਜ਼ਾ ਨਾਲ ਨਿਕਾਹ ਕਰਵਾ ਲਿਆ ਹੈ।

ਵੀਡੀਓ ਵਿਚ ਪੀੜਤ ਲੜਕੀ ਮੁਸਲਿਮ ਨੌਜਵਾਨ ਅਲੀ ਰਜ਼ਾ ਦੇ ਨਾਲ ਬੈਠੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਲੜਕੀ ਕਹਿ ਰਹੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਮੇਰਾ ਮੁਸਲਿਮ ਨਾਂ ਹੁਣ ਅਲੀਜਾ ਹੈ। ਮੈਂ ਦਰਗਾਹ ਅਮਰੋਤ ਸ਼ਰੀਫ 'ਤੇ ਇਸਲਾਮ ਕਬੂਲ ਕੀਤਾ ਹੈ ਅਤੇ ਰਜ਼ਾ ਨਾਲ ਨਿਕਾਹ ਵੀ ਕਰ ਲਿਆ ਹੈ।

ਅਰੋਕ ਕੁਮਾਰੀ ਨੇ ਸਿੰਧ ਸੂਬੇ ਦੇ ਸੁਕਕੇਰ ਜ਼ਿਲੇ ਦੇ ਸਥਾਨਕ ਕੋਰਟ ਵਿਚ ਆਪਣੇ ਮਾਤਾ-ਪਿਤਾ ਅਤੇ ਭਾਈਚਾਰੇ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਨੇ ਜਬਰਦਸਤੀ ਧਰਮ ਪਰਿਵਰਤਨ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਪਾਕਿਸਤਾਨ ਦੇ ਪੀ.ਐਮ. ਇਮਰਾਨ ਖਾਨ ਅਤੇ ਆਰਮੀ ਚੀਫ ਨੂੰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕਰਾਚੀ ਦੇ ਡਿਫੈਂਸ ਹਾਊਸਿੰਗ ਇਲਾਕੇ ਵਿਚ ਮਹਿਕ ਕੇਸਵਾਨੀ ਨਾਂ ਦੀ ਲੜਕੀ ਲਾਪਤਾ ਹੋ ਗਈ ਸੀ।

ਇਸ ਤੋਂ ਬਾਅਦ ਮਹਿਕ ਕੇਸਵਾਨੀ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨਾਲ ਮਹਿਕ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਦੀ ਗੱਲ ਆਖੀ ਸੀ। ਹਾਲਾਂਕਿ ਮਹਿਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਅਗਵਾ ਕਰਕੇ ਜਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਵੀ ਇਕ ਸਿੱਖ ਲੜਕੀ ਦੇ ਅਗਵਾ ਅਤੇ ਜਬਰਦਸਤੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਸੀ। ਪਾਕਿਸਤਾਨ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਦੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਨੂੰ ਲੈ ਕੇ ਉਥੋਂ ਦੀ ਸਰਕਾਰ ਦੀ ਚੁੱਪੀ ਸ਼ੱਕ ਦੇ ਘੇਰੇ ਵਿਚ ਹੈ।


Sunny Mehra

Content Editor

Related News