ਓਬਾਮਾ ਦੇ ਕਾਰਜਕਾਲ ’ਚ ਪੱਤਰਕਾਰ ਖਾਸ਼ੋਗੀ ਦੇ ਕਾਤਲਾਂ ਨੂੰ ਸਿਖਲਾਈ ਦੀ ਮਿਲੀ ਸੀ ਮਨਜ਼ੂਰੀ

Wednesday, Jun 23, 2021 - 02:32 PM (IST)

ਓਬਾਮਾ ਦੇ ਕਾਰਜਕਾਲ ’ਚ ਪੱਤਰਕਾਰ ਖਾਸ਼ੋਗੀ ਦੇ ਕਾਤਲਾਂ ਨੂੰ ਸਿਖਲਾਈ ਦੀ ਮਿਲੀ ਸੀ ਮਨਜ਼ੂਰੀ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੇ ਸਮੇਂ ਵਿਦੇਸ਼ ਵਿਭਾਗ ਨੇ  ਸਾਊਦੀ ਅਰਬ ਦੇ ਉਨ੍ਹਾਂ ਲੋਕਾਂ ਨੂੰ ਸਿਖਲਾਈ ਦੀ ਇਜਾਜ਼ਤ ਦਿੱਤੀ ਸੀ, ਜੋ ਬਾਅਦ ਵਿਚ ‘ਵਾਸ਼ਿੰਗਟਨ ਪੋਸਟ’ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ’ਚ ਸ਼ਾਮਲ ਪਾਏ ਗਏ ਸਨ। ਨਿਊਯਾਰਕ ਟਾਈਮਜ਼ ਨੇ ਮਾਮਲੇ ਨਾਲ ਸਬੰਧਿਤ ਦਸਤਾਵੇਜ਼ਾਂ ਤੇ ਲੋਕਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਮੰਗਲਵਾਰ ਨੂੰ ਕਿਹਾ ਗਿਆ ਕਿ ਓਬਾਮਾ ਪ੍ਰਸ਼ਾਸਨ ਦੇ ਅਧੀਨ ਵਿਦੇਸ਼ ਵਿਭਾਗ ਵੱਲੋਂ ਪਹਿਲੀ ਵਾਰ 2014 ’ਚ ਸਾਊਦੀ ਰਾਇਲ ਗਾਰਡ ਨੂੰ ਅਰਧ ਸੈਨਿਕ ਸਿਖਲਾਈ ਪ੍ਰਦਾਨ ਕਰਨ ਦਾ ਲਾਇਸੈਂਸ ਦਿੱਤਾ ਗਿਆ ਸੀ। ਇਹ ਸਿਖਲਾਈ ਸੇਰਬਸ ਕੈਪੀਟਲ ਮੈਨੇਜਮੈਂਟ ਦੀ ਮਲਕੀਅਤ ਵਾਲੀ ਅਕਰੰਸਸ ਸਥਿਤ ਸੁਰੱਖਿਆ ਸਬੰਧੀ ਕੰਪਨੀ ਟੀਅਰ 1 ਗਰੁੱਪ ਵੱਲੋਂ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਰਿਪੋਰਟ ਅਨੁਸਾਰ ਇਹ ਸਿਖਲਾਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਘੱਟ ਤੋਂ ਘੱਟ ਪਹਿਲੇ ਸਾਲ ਤਕ ਜਾਰੀ ਰਹੀ ਸੀ।

ਇਹ ਵੀ ਪੜ੍ਹੋ : ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ

ਰਿਪੋਰਟ ਦੇ ਅਨੁਸਾਰ ਖਾਸ਼ੋਗੀ ਦੀ ਹੱਤਿਆ ’ਚ ਸ਼ਾਮਲ ਸਾਊਦੀ ਅਰਬ ਦੇ ਚਾਰ ਲੋਕਾਂ ਨੂੰ 2017 ’ਚ ਸਿਖਲਾਈ ਦਿੱਤੀ ਗਈ ਸੀ। ਇਨ੍ਹਾਂ ’ਚੋਂ ਦੋ ਲੋਕਾਂ ਨੇ ਅਕਤੂੁਬਰ 2014 ਤੋਂ ਜਨਵਰੀ 2015 ਵਿਚਾਲੇ ਵੀ ਸਿਖਲਾਈ ’ਚ ਹਿੱਸਾ ਲਿਆ ਸੀ। ਅਰਧ ਸੈਨਿਕ ਸਿਖਲਾਈ ’ਚ ਸੁਰੱਖਿਅਤ ਨਿਸ਼ਾਨੇਬਾਜ਼ੀ, ਹਮਲੇ ਦਾ ਮੁਕਾਬਲਾ, ਨਿਗਰਾਨੀ ਤੇ ਕਰੀਬੀ ਮੁਕਾਬਲਾ ਸ਼ਾਮਲ ਸੀ। ਨਿਊਯਾਰਕ ਟਾਈਮਜ਼ ਦੀ ਇਸ ਰਿਪੋਰਟ ’ਚ ਦੱਸਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਪਤਾ ਲੱਗੇ ਕਿ ਇਸ ਸਿਖਲਾਈ ਨੂੰ ਮਨਜ਼ੂਰੀ ਦੇਣ ਵਾਲੇ ਅਮਰੀਕੀ ਅਧਿਕਾਰੀਆਂ ਜਾਂ ਟੀਅਰ 1 ਗਰੁੱਪ ਦੇ ਅਧਿਕਾਰੀਆਂ ਨੂੰ ਇਹ ਪਤਾ ਸੀ ਕਿ ਸਿਖਲਾਈ ਪ੍ਰਾਪਤ ਕਰ ਰਹੇ ਇਹ ਲੋਕ ਸਾਊਦੀ ਅਰਬ ’ਚ ਅਸੰਤੁਸ਼ਟ ਲੋਕਾਂ ਖਿਲਾਫ ਸਰਗਰਮੀਆਂ ’ਚ ਸ਼ਾਮਲ ਸਨ। ਫਰਵਰੀ ’ਚ ਅਮਰੀਕਾ ਦੇ ਰਾਸ਼ਟਰੀ ਖੁਫੀਆ ਨਿਰਦੇਸ਼ਕ ਦਫਤਰ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ’ਚ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਕਤੁੂਬਰ 2018 ’ਚ ਤੁਰਕੀ ਦੇ ਇਸਤਾਂਬੁਲ ’ਚ ਸਥਿਤ ਸਾਊਦੀ ਦੂਤਘਰ ’ਚ ਖਾਸ਼ੋਗੀ ਦੀ ਹੱਤਿਆ ਲਈ ਇਕ ਆਪ੍ਰੇਸ਼ਨ ਨੂੰ ਮਨਜ਼ੁੂਰੀ ਦਿੱਤੀ ਸੀ। ਮਾਮਲੇ ’ਚ ਸਾਊਦੀ ਅਰਬ ਖਿਲਾਫ ਕਾਰਵਾਈ ਨਾ ਕਰਨ ਲਈ ਟ੍ਰੰਪ ਪ੍ਰਸ਼ਾਸਨ ਦੀ ਬਹੁਤ ਆਲੋਚਨਾ ਵੀ ਹੋਈ ਸੀ।


author

Manoj

Content Editor

Related News