ਲੰਡਨ 'ਚ ਭਾਰਤੀ ਹਾਈ ਕਮਿਸ਼ਨ ਅੱਗੇ ਫਿਰ ਇਕੱਠੇ ਹੋਏ ਖਾਲਿਸਤਾਨੀ, ਹਰਦੀਪ ਨਿੱਝਰ ਦੇ ਹੱਕ 'ਚ ਕੀਤੀ ਨਾਅਰੇਬਾਜ਼ੀ

Monday, Oct 02, 2023 - 10:00 PM (IST)

ਲੰਡਨ 'ਚ ਭਾਰਤੀ ਹਾਈ ਕਮਿਸ਼ਨ ਅੱਗੇ ਫਿਰ ਇਕੱਠੇ ਹੋਏ ਖਾਲਿਸਤਾਨੀ, ਹਰਦੀਪ ਨਿੱਝਰ ਦੇ ਹੱਕ 'ਚ ਕੀਤੀ ਨਾਅਰੇਬਾਜ਼ੀ

ਇੰਟਰਨੈਸ਼ਨਲ ਡੈਸਕ : ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕ ਵਾਰ ਫਿਰ ਵੱਡੀ ਗਿਣਤੀ ਵਿੱਚ ਖਾਲਿਸਤਾਨੀ ਸਮਰਥਕ ਇਕੱਠੇ ਹੋਏ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਾਈ ਕਮਿਸ਼ਨ ਦੇ ਨੇੜੇ ਭਾਰੀ ਪੁਲਸ ਬਲ ਤਾਇਨਾਤ ਕੀਤੇ ਗਏ। ਸਮਰਥਕਾਂ ਨੇ ਦਾਅਵਾ ਕੀਤਾ ਕਿ ਉਹ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਸਮਰਥਨ 'ਚ ਪ੍ਰਦਰਸ਼ਨ ਕਰ ਰਹੇ ਸਨ। ਭਾਰਤ ਵਿੱਚ ਇਕ ਇਨਾਮੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਗੋਲ਼ੀ ਮਾਰ ਦਿੱਤੀ ਸੀ। ਇਸ ਦੇ ਨਾਲ ਹੀ ਹਾਲ ਹੀ 'ਚ ਸਕਾਟਲੈਂਡ ਵਿੱਚ ਭਾਰਤੀ ਡਿਪਲੋਮੈਟ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗੁਰਦੁਆਰਾ ਕਮੇਟੀ ਦੀ ਸਖ਼ਤ ਆਲੋਚਨਾ ਹੋਈ।

ਇਹ ਵੀ ਪੜ੍ਹੋ : ਗਲੀਆਂ-ਮੁਹੱਲਿਆਂ 'ਚ ਵੀ ਸੁਰੱਖਿਅਤ ਨਹੀਂ ਮਾਵਾਂ- ਭੈਣਾਂ, 'ਕੱਲੀਆਂ ਦੇਖ ਨੂੰਹ-ਸੱਸ ਨਾਲ ਲੁਟੇਰੇ ਕਰ ਗਏ ਕਾਰਾ

ਦੱਸ ਦੇਈਏ ਕਿ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਨੇ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਦੋਰਾਇਸਵਾਮੀ ਇਸ ਹਫ਼ਤੇ ਸਕਾਟਲੈਂਡ ਦੇ ਦੌਰੇ 'ਤੇ ਸਨ। ਐਲਬਰਟ ਡਰਾਈਵ ਸਥਿਤ ‘ਗਲਾਸਗੋ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ’ ਦੀ ਵਿਉਂਤਬੱਧ ਫੇਰੀ ਦੌਰਾਨ ਸਿੱਖ ਯੂਥ ਯੂਕੇ ਦੇ ਮੈਂਬਰ ਹਾਈ ਕਮਿਸ਼ਨਰ ਦੀ ਕਾਰ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ। ਮੈਂਬਰਾਂ ਨੇ ਗੁਰਦੁਆਰਾ ਅਧਿਕਾਰੀਆਂ ਨਾਲ ਝਗੜੇ ਨਾਲ ਸਬੰਧਤ ਵੀਡੀਓਜ਼ ਪੋਸਟ ਕੀਤੀਆਂ। ਸਥਾਨਕ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ 'ਗੜਬੜੀ' ਤੋਂ ਬਾਅਦ ਬੁਲਾਇਆ ਗਿਆ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

PunjabKesari

ਪੁਲਸ ਸਕਾਟਲੈਂਡ ਦੇ ਬੁਲਾਰੇ ਨੇ ਕਿਹਾ, “ਸਾਨੂੰ ਸ਼ੁੱਕਰਵਾਰ 29 ਸਤੰਬਰ ਨੂੰ ਦੁਪਹਿਰ 1.05 ਵਜੇ ਗਲਾਸਗੋ ਦੇ ਅਲਬਰਟ ਡਰਾਈਵ ਖੇਤਰ ਵਿੱਚ ਗੜਬੜੀ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਪੂਰੀ ਸਥਿਤੀ ਬਾਰੇ ਜਾਣਨ ਲਈ ਪੁੱਛਗਿੱਛ ਜਾਰੀ ਹੈ।'' ਗਲਾਸਗੋ 'ਚ ਹੋਏ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਇਕ ਸਿੱਖ ਵਿਅਕਤੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ''ਸਾਨੂੰ ਕਿਸੇ ਵੀ ਭਾਰਤੀ ਰਾਜਦੂਤ, ਅਧਿਕਾਰਤ ਤੌਰ 'ਤੇ ਭਾਰਤ ਸਰਕਾਰ ਵੱਲੋਂ ਆਏ ਕਿਸੇ ਵੀ ਵਿਅਕਤੀ ਦਾ ਸਵਾਗਤ ਇਸੇ ਤਰੀਕੇ ਨਾਲ ਕਰਨਾ ਚਾਹੀਦਾ ਹੈ।''

ਇਹ ਵੀ ਪੜ੍ਹੋ : ਕੈਨੇਡੀਅਨ ਭਾਰਤੀਆਂ ਦੇ ਵੀਜ਼ੇ 'ਤੇ ਲਾਈਆਂ ਪਾਬੰਦੀਆਂ ਤੁਰੰਤ ਹਟਾਵੇ ਭਾਰਤ ਸਰਕਾਰ : ਪਰਮਿੰਦਰ ਪਾਲ ਖਾਲਸਾ

ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਰੋਕੇ ਜਾਣ ਤੋਂ ਬਾਅਦ ਗਲਾਸਗੋ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਨੇ ਸ਼ਨੀਵਾਰ ਰਾਤ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ "ਅਣਪਛਾਤੇ" ਲੋਕਾਂ ਨੇ ਪੂਜਾ ਸਥਾਨ ਅਤੇ ਡਿਪਲੋਮੈਟਾਂ ਦੀ ਸ਼ਾਂਤੀ ਭੰਗ ਕੀਤੀ ਅਤੇ ਨਿੱਜੀ ਫੇਰੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਬਿਆਨ ਮੁਤਾਬਕ ਇਹ ਦੌਰਾ ਸਕਾਟਿਸ਼ ਸੰਸਦ ਦੇ ਮੈਂਬਰ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਸਕਾਟਲੈਂਡ ਤੋਂ ਬਾਹਰ ਦੇ 3 ਲੋਕਾਂ ਨੇ ਜਾਣਬੁੱਝ ਕੇ ਯਾਤਰਾ 'ਚ ਵਿਘਨ ਪਾਇਆ ਅਤੇ ਉਨ੍ਹਾਂ 'ਚੋਂ ਇਕ ਨੇ ਗੁਰਦੁਆਰਾ ਸਾਹਿਬ 'ਚ ਡਿਪਲੋਮੈਟ ਦੇ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਨੂੰ ਹਿੰਸਕ ਤਰੀਕੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ।

PunjabKesari

ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਸ ਨੇ ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫਸੀਡੀਓ) ਅਤੇ ਮੈਟਰੋਪੋਲੀਟਨ ਪੁਲਸ ਨੂੰ "ਸ਼ਰਮਨਾਕ ਘਟਨਾ" ਬਾਰੇ ਸੂਚਿਤ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਵੱਲੋਂ ਇਕ ਬਿਆਨ ਵਿੱਚ ਕਿਹਾ ਗਿਆ, "ਗਲਾਸਗੋ ਖੇਤਰ ਦੇ ਬਾਹਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਯਾਤਰਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਗੁਰਦੁਆਰਾ ਸਾਹਿਬ 'ਚ ਆਉਣ ਵਾਲੇ ਸਮੂਹ ਨੇ ਪਰਿਸਰ ਛੱਡਣ ਦਾ ਫ਼ੈਸਲਾ ਕੀਤਾ।" ਇਸ ਤੋਂ ਬਾਅਦ ਇਹ ਬੇਕਾਬੂ ਲੋਕ ਸੰਗਤ ਵਿੱਚ ਅਸ਼ਾਂਤੀ ਪੈਦਾ ਕਰਦੇ ਰਹੇ। ਇਸ ਵਿੱਚ ਕਿਹਾ ਗਿਆ ਹੈ, “ਪੁਲਸ ਸਕਾਟਲੈਂਡ ਘਟਨਾ ਸਥਾਨ ‘ਤੇ ਮੌਜੂਦ ਸੀ ਅਤੇ ਘਟਨਾ ਦਾ ਨੋਟਿਸ ਲਿਆ ਹੈ।” ਗੁਰਦੁਆਰਾ ਸਾਹਿਬ ਵੱਲੋਂ ਕਿਹਾ ਗਿਆ, “ਗਲਾਸਗੋ ਗੁਰਦੁਆਰਾ ਸਿੱਖ ਧਰਮ ਅਸਥਾਨ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਅਜਿਹੇ ਬੇਤੁਕੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹੈ। ਗੁਰਦੁਆਰਾ ਸਾਰੇ ਭਾਈਚਾਰਿਆਂ ਅਤੇ ਪਿਛੋਕੜਾਂ ਦੇ ਲੋਕਾਂ ਲਈ ਖੁੱਲ੍ਹਾ ਹੈ ਤੇ ਅਸੀਂ ਆਪਣੇ ਵਿਸ਼ਵਾਸ ਦੇ ਸਿਧਾਂਤਾਂ ਅਨੁਸਾਰ ਸਾਰਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਾਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News