ਕਰਤਾਰਪੁਰ ਸਾਹਿਬ ਪਹਿਲੀ ਵਰ੍ਹੇਗੰਢ : ਦੋ ਨਗਰਾਂ ਦਾ ਮੁਹੱਬਤੀ ਦਸਤੂਰ...ਫਿਰ ਤੋਂ ਤੁਰੀ ਸਾਂਝਾਂ ਵਾਲੀ ਕਹਾਣੀ
Wednesday, Nov 11, 2020 - 12:09 PM (IST)
ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ
ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਖੇਤਾਂ ਨੂੰ ਵਾਹੁੰਦਾ ਬੀਜਦਾ ਤੇ ਆਪ ਪਾਲਣ ਹਾਰ ਹੈ।
ਜਪਦਾ ਨਾ ਕੱਲ੍ਹੇ ਨਾਮ ਨੂੰ ਹੱਥੀਂ ਵੀ ਕਰਦਾ ਕਾਰ ਹੈ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਕੱਢਦਾ ਸਿਆੜ ਫੇਰ ਖ਼ੁਦ ਰੂਹਾਂ ਚ ਬਾਣੀ ਕੇਰਦਾ।
ਮਾਲਾ ਨਾ ਕੱਲ੍ਹੀ ਘੁੰਮਦੀ ਮਨ ਦੇ ਵੀ ਮਣਕੇ ਫੇਰਦਾ।
ਰਾਵੀ ਦੇ ਕੰਢੇ ਵਰਤਦਾ,ਅਦਭੁੱਤ ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਇਹ ਕਵਿਤਾ ਗੁਰਭਜਨ ਗਿੱਲ ਦੀ ਹੈ। ਗੁਰਭਜਨ ਗਿੱਲ ਆਪਣੀਆਂ ਨਿੱਕੇ ਹੁੰਦਿਆਂ ਦੀਆਂ ਯਾਦਾਂ ਬਾਰੇ ਬੋਲਦਿਆਂ ਕਹਿੰਦੇ ਨੇ ਕਿ ਉਨ੍ਹਾਂ ਦਾ ਪਿੰਡ ਡੇਰਾ ਬਾਬਾ ਨਾਨਕ ਦੇ ਨੇੜੇ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿੱਕੇ ਹੁੰਦਿਆਂ ਤੋਂ ਵਧਦੀ ਉਮਰ ਦੇ ਨਾਲ ਨਾਲ ਵੇਖਦੇ ਰਹੇ ਹਾਂ। ਗੁਰਭਜਨ ਗਿੱਲ ਜੋ ਕਹਿੰਦੇ ਨੇ ਉਹ ਪੰਜਾਬ ਦੇ ਕਿੰਨੇ ਹੀ ਬੰਦਿਆਂ ਦੀ ਜ਼ੁਬਾਨੀ ਗੱਲ ਹੋਵੇਗੀ। ਸਰਹੱਦਾਂ ਬਣ ਗਈਆਂ ਵੰਡ ਹੋ ਗਈ ਪਰ ਖਿਆਲ ਕਦੀ ਵੰਡੇ ਨਹੀਂ ਗਏ।ਨਫ਼ਰਤਾਂ ਅਤੇ ਅਜਬ ਖਿੱਚੋ ਤਾਣ ਦੇ ਵਿਚਕਾਰ ਸਰਹੱਦ ਦੇ ਆਰ ਪਾਰ ਲੋਕਾਂ ਦੀਆਂ ਭੱਜੀਆਂ ਬਾਹਵਾਂ ਇੱਕ ਦੂਜੇ ਨੂੰ ਜੱਫੀ ਪਾਉਣ ਨੂੰ ਤਿਆਰ ਬਰ ਤਿਆਰ ਖੜ੍ਹੀਆਂ ਰਹੀਆਂ ਹਨ ਸਦਾ। ਇਹ ਮੁਹੱਬਤ ਇਸ ਦੌਰ ਦੀ ਅਤੇ ਹਰ ਦੌਰ ਦੀ ਉਮੀਦ ਹੈ।
ਇਹੋ ਕਰਤਾਰਪੁਰ ਸਾਹਿਬ ਹੈ
ਇਹੋ ਕਰਤਾਰਪੁਰ ਸਾਹਿਬ ਦੀ ਬਰਕਤ ਹੈ
ਇਹੋ ਕਰਤਾਰਪੁਰ ਸਾਹਿਬ ਦਾ ਫਲਸਫਾ ਹੈ
ਮੁਹੱਬਤੀ ਸਾਂਝ ਦੇ ਇਸ ਪਿਛੋਕੜ-ਵਰਤਮਾਨ ਅਤੇ ਭਵਿੱਖ ਦੀ ਪੂਰੀ ਪੁਣ-ਛਾਣ ਕਰ ਰਹੇ ਹਨ : ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ
ਦੋ ਨਗਰਾਂ ਦਾ ਮੁਹੱਬਤੀ ਦਸਤੂਰ...ਫਿਰ ਤੋਂ ਤੁਰੀ ਸਾਂਝਾਂ ਵਾਲੀ ਕਹਾਣੀ
1947 ਵੰਡ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਕਰਤਾਰਪੁਰ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ, ਉਥੇ 13 ਅਪ੍ਰੈਲ ਨੂੰ ਲੱਗਦਾ ਸੀ। ਇਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਵਿਸਾਖੀ ਵਾਲਾ ਮੇਲਾ ਡੇਰਾ ਬਾਬਾ ਨਾਨਕ ਵਿਖੇ ਲੱਗਿਆ ਕਰਦਾ ਸੀ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਮੁਤਾਬਕ ਸਿੱਖਾਂ ਦਾ ਇੱਕ ਇਤਿਹਾਸਕ ਨਗਰ, ਜੋ ਤਹਿਸੀਲ ਸ਼ਕਰਗੜ੍ਹ ਪਾਕਿਸਤਾਨੀ ਪੰਜਾਬ ਵਿੱਚ ਸਰਹੱਦ ਦੇ ਨੇੜੇ ਸਥਿਤ ਹੈ। ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਪਾਰਲੇ ਕੰਢੇ 1504 ਈਸਵੀ ਵਿੱਚ ਵਸਾਇਆ ਸੀ।
ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦੇ ਮੁਤਾਬਕ ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਦਾ ਤੇ ਦੁਨੀ ਚੰਦ (ਕਰੋੜੀ ਮਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲਾ ਬਣਵਾਈ। ਇੱਥੇ ਗੁਰੂ ਨਾਨਕ ਦੇਵ ਜੀ 1521 ਈਸਵੀ ਵਿੱਚ ਆ ਕੇ ਵੱਸੇ ਅਤੇ ਜ਼ਿੰਦਗੀ ਦੇ ਅੰਤਲੇ 18 ਸਾਲ ਉਨ੍ਹਾਂ ਇੱਥੇ ਹੀ ਗੁਜ਼ਾਰੇ। ਇਸੇ ਨਗਰ ਵਿੱਚ ਗੁਰੂ ਨਾਨਕ ਦੇਵ ਜੀ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਅਤੇ ਇੱਥੇ ਹੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ੀ। ਇਸੇ ਥਾਂ ਉੱਤੇ ਸਭ ਤੋਂ ਪਹਿਲਾਂ ਲੰਗਰ ਦੀ ਪ੍ਰਥਾ ਚਲਾਈ ਗਈ। ਇਸੇ ਨਗਰ ਵਿੱਚ ਰਾਵੀ ਦਰਿਆ ਦੇ ਕੰਢੇ ਗੁਰੂ ਜੀ ਨੇ ਜਪੁਜੀ ਜੀ, ਤੁਖਾਰੀ, ਬਾਰਾਮਾਂਹ ਦੇ ਸਿੱਧ ਗੋਸ਼ਟ ਦੀ ਰਚਨਾ ਕੀਤੀ। ਇੱਥੋਂ ਹੀ ਸਿੱਧਾ ਤੇ ਜੋਗੀਆਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਦੇਵ ਜੀ ਅਚਲ ਵਟਾਲੇ ਮੇਲੇ ਉੱਤੇ ਗਏ।
ਲੋਕਧਾਰਾ ਵਿੱਚ ਇਹ ਗੱਲ ਪ੍ਰਚੱਲਤ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਮ੍ਰਿਤੀ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਜਿਸ ਦਾ ਕਲਸ ਦੂਰੋਂ ਭਾਰਤੀ ਪੰਜਾਬ ਵਿੱਚੋਂ ਵੀ ਵਿਖਾਈ ਦਿੰਦਾ ਹੈ। ਇਸ ਕਲਸ ਬਾਰੇ ਮਨੌਤ ਹੈ ਕਿ ਜਿੱਥੋਂ ਤੱਕ ਕਲਸ ਵਿਖਾਈ ਦਿੰਦਾ ਹੈ, ਉੱਥੋਂ ਤੱਕ ਕਿਸੇ ਨੂੰ ਸੱਪ ਡੰਗ ਨਹੀਂ ਮਾਰਦਾ, ਜੇ ਸੱਪ ਲੜ ਵੀ ਜਾਵੇ ਤਾਂ ਉਹਦਾ ਜ਼ਹਿਰ ਨਹੀਂ ਚੜ੍ਹਦਾ। ਹੜ੍ਹ ਨਾਲ ਨਗਰ ਦੇ ਤਬਾਹ ਹੋਣ ਮਗਰੋਂ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਥਵਾ ਦੇਹਰਾ ਜਿੱਥੇ ਬਣਾਇਆ ਗਿਆ, ਉਸ ਨਗਰ ਨੂੰ ਡੇਰਾ ਬਾਬਾ ਨਾਨਕ ਕਹਿੰਦੇ ਹਨ।
ਕਰਤਾਰਪੁਰ ਬੱਧਾ !
ਪੁਰਾਤਨ ਜਨਮ ਸਾਖੀਆਂ, ਮਹਾਨ ਕੋਸ਼ ਜਾਂ ਹੋਰ ਹਵਾਲਿਆਂ ਵਿੱਚ ਕਰਤਾਰਪੁਰ ਸਾਹਿਬ ਬਾਰੇ ਵੱਖ-ਵੱਖ ਹਵਾਲੇ ਹਨ ਪਰ ਭਾਈ ਸਾਹਿਬ ਭਾਈ ਵੀਰ ਸਿੰਘ 'ਸ੍ਰੀ ਗੁਰੂ ਨਾਨਕ ਚਮਤਕਾਰ' ਵਿੱਚ ਕਰਤਾਰਪੁਰ ਸਾਹਿਬ ਬਾਰੇ ਜਨਮ ਸਾਖੀਆਂ ਦੇ ਹਵਾਲੇ ਤੋਂ ਖ਼ਾਸ ਪੱਖ ਪੇਸ਼ ਕਰਦੇ ਹਨ।
"ਤਬ ਬਾਬਾ ਦਰਿਆਉ ਉਪਰ ਬਹਿ ਗਿਆ, ਤਲਵੰਡੀ ਦੇ ਨਜ਼ੀਕ ਇੱਕ ਥਾਂਉਂ ਉੱਥੇ ਬਹੁਤ ਗਾਉਗਾ ਚਲਿਆ, ਜੋ ਕੋਈ ਸੁਣੈ ਸੌ ਸਭ ਆਵੈ।’’
ਲੋਕ ਆਖਣ :- ‘‘ਜੋ ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈਸੁ, ਆਪਣੇ ਖੁਦਾਇ ਨਾਲ ਰਤਾ ਹੈ।’’
ਉੱਪਰ ਲਿਖੀ ਇਬਾਰਤ ਤੋਂ ਪਤਾ ਲੱਗਦਾ ਹੈ ਕਿ ਤਲਵੰਡੀ ਤੋਂ ਨੇੜੇ ਰਾਵੀ ਦੇ ਕੰਢੇ ਕਿਤੇ ਬੈਠ ਗਏ ਹਨ, ਪਰ ਜਿਸ ਵੇਲੇ ਕਰੋੜੀਏ ਦਾ ਨਾਂ ਆ ਗਿਆ ਤਾਂ ਸਾਫ ਪਤਾ ਲੱਗ ਗਿਆ ਕਿ ਮੁਰਾਦ ਕਰਤਾਰ ਪੁਰ ਵਾਲੇ ਟਿਕਾਣੇ ਤੋਂ ਹੈ, ਜੋ ਲਾਹੌਰੋਂ ਉੱਪਰ ਵਾਰ ਰਾਵੀ ਦੇ ਕੰਢੇ ਟਿਕਾਣਾ ਹੈ ਜਿੱਥੇ ਸਤਿਗੁਰੂ ਜੀ ਨੇ ਕਰਤਾਰਪੁਰ ਬੱਧਾ !
ਜਦ ਪੁਰਾਤਨ ਜਨਮ ਸਾਖੀ ਨੂੰ ਹੋਰ ਟੋਲੀਏ ਤਾਂ ਦੂਸਰੀ ਉਦਾਸੀ ਤੋਂ ਪਹਿਲਾਂ ਰਾਜਾ ਸ਼ਿਵਨਾਭ ਨਾਲ ਮਨਸੁੱਖ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਰਾਜੇ ਨੂੰ ਦੱਸਦਾ ਹੈ, "ਜੀ ਲਾਹੌਰ ਤੋਂ ਕੋਸ ਪੰਦ੍ਰਾ ਕਰਤਾਰ ਪੁਰ ਬੰਨ੍ਹਿਆ ਹੈ, ਪੰਜਾਬ ਦੀ ਧਰਤੀ ਮਾਂਹਿ ਹੈ, ਊਹਾਂ ਗੁਰੂ ਬਾਬਾ ਨਾਨਕ ਰਹਿਤਾ ਹੈ। ਸਥਾਨ ਤਲਵੰਡੀ ਰਾਏ ਭੋਏ ਭੱਟੀ ਕੀ, ਰਾਵੀ ਹੈ ਪਾਰ, ਨਾਮ ਸਥਾਨ ਰਾਵੀ ਦੇ ਉਰਾਰ ਕਰਤਾਰ ਪੁਰ ਬੰਨ੍ਹਿਆਂ ਹੈ ਊਹਾਂ ਮਹਾਂਪੁਰਖ ਰਹਿਤਾ ਹੈ।"
ਸਿੱਖੀ ਦਾ ਘਰ : ਕਰਤਾਰਪੁਰ ਸਾਹਿਬ
ਗੁਰ ਨਾਨਕ ਮਹਾਰਾਜ !
ਜਨਮ ਜਨਮ ਤੋਂ ਸਿਕਦੀ ਆਈ, ਆਸ ਪੂਰ ਦੇ ਆਜ !
ਆ ਜਾਓ ਸਿਕ ਪੂਰਨ ਹਾਰੇ, ਹੇ ਮੇਰੇ ਸਿਰਤਾਜ !
ਪਤਿਤ ਪਾਵਨ ਹੈ ਬਿਰਧ ਤੁਧੇ ਦਾ, ਪਾਲ ਬਿਰਦਦੀ ਲਾਜ !
ਹੁਣ ਨਾ ਰੱਖ ਵਿਛੋੜੇ ਅੰਦਰ, ਅਪਨਾ ਲੈ ਮਹਾਰਾਜ !
***
ਵਿਚ ਲਹੌਰ ਵਸੇਂਦਾ ਖੱਤ੍ਰੀ ਨਾਮ ਕ੍ਰੋੜੀਆ ਭਾਈ !
ਕਰੇ ਹਕੂਮਤ ਉੱਤਰ ਪਾਸੇ ਦੋ ਨਦੀਆਂ ਵਿਚਕਾਈ ।
***
ਚਰਨ ਪਕੜ ਕੇ ਬਾਲਕ ਬੂੜਾ ਭਾਈ ਬੁੱਢਾ ਹੋਇਆ
ਜੋ ਕੁਝ ਦਾਤ ਗੁਰਾਂ ਨੇ ਦਿੱਤੀ ਰੱਖਿਆ ਕੰਠ ਪਰੋਇਆ
:- ਸ੍ਰੀ ਗੁਰੂ ਨਾਨਕ ਚਮਤਕਾਰ, ਭਾਈ ਵੀਰ ਸਿੰਘ
ਸਾਖੀਆਂ ਦਾ ਬਿਰਤਾਂਤ ਹੈ ਜਦ ਸਤਿਗੁਰੂ ਜੀ ਇੱਥੇ ਕਰਤਾਰਪੁਰ ਟਿਕ ਗਏ ਤਾਂ ਬਾਬਾ ਕਾਲੂ ਜੀ ਵੀ ਪਰਿਵਾਰ ਸਮੇਤ ਇੱਥੇ ਆ ਗਏ। ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗ੍ਰਹਿਸਤੀ, ਵੈਰਾਗੀ, ਖਾਨ ਖਨੀਨ, ਉਮਰੇ ਉਮਰਾਓ, ਕਰੋੜੀਏ, ਜ਼ਿਮੀਂਦਾਰ, ਭੂੰਮੀਏ;
ਜੋ ਕੋ ਆਵੈ ਪਰਚਾ ਜਾਵੈ : ਸਭੇ ਲੋਕ ਉਸਤਤਿ ਕਰਨਿ।
ਭਾਈ ਗੁਰਦਾਸ ਤੋਂ ਲੈ ਕੇ ਵੱਖ-ਵੱਖ ਹਵਾਲਿਆਂ ਦੇ ਅੰਦਰ ਇਹ ਸਾਫ ਹੈ ਕਿ ਕਰਤਾਰਪੁਰ ਸਾਹਿਬ ਵਿੱਚ ਸਿੱਖੀ ਦੀ ਇੱਕ ਵੱਡੀ ਟਕਸਾਲ ਬਣੀ। ਇੱਥੇ ਬਾਬਾ ਬੁੱਢਾ, ਭਾਈ ਮਰਦਾਨਾ, ਭਾਈ ਅਜਿੱਤਾ, ਭਗੀਰਥ ਸ਼ਾਮਿਲ ਹੋਏ। ਜ਼ਿਕਰ ਹੈ ਕਿ ਇੱਥੇ ਮਨਸੁੱਖ, ਰਾਜਾ ਸ਼ਿਵਨਾਭ, ਝੰਡਾ ਬਾਢੀ; ਸਾਲਸ ਰਾਏ (ਜਿਸ ਦੀ ਕਵਿਤਾ ਵੀ ਮਿਲਦੀ ਹੈ) ਕ੍ਰੋੜੀਆ ਜਿਸ ਨੇ ਭੌਂ ਦੇਕੇ ਕਰਤਾਰ ਪੁਰ ਬੱਧਾ। ਦੋਦਾ, ਬ੍ਰਹਮਦਾਸ ਕਸ਼ਮੀਰੀ, ਉਬਾਰੇ ਖਾਨ, ਅਬਦੁਲ ਰਹਿਮਾਨ ਤੇ ਸੱਜਣ (ਠੱਗ) ਦਾ ਜ਼ਿਕਰ ਵੀ ਕਰਤਾਰਪੁਰ ਦੀ ਇਸ ਮੁਕੱਦਸ ਧਰਤੀ ਨਾਲ ਜੁੜਿਆ ਹੈ।