ਕਰਨੈਲ ਸਿੰਘ ਪੀਰਮੁਹੰਮਦ ਨੂੰ ਲੰਡਨ ''ਚ ਖਾਲਸਾ ਪੰਥ ਸੇਵਾਵਾਂ ਲਈ ਕੀਤਾ ਸਨਮਾਨਿਤ
Sunday, Jun 16, 2024 - 11:00 PM (IST)

ਜੈਤੋ,(ਰਘੂਨਦੰਨ ਪਰਾਸ਼ਰ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੂੰ ਲੰਡਨ ਵਿਖੇ ਸਿੱਖ ਆਗੂ ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ ਸਰਪੰਚ, ਗੁਰਬਚਨ ਸਿੰਘ ਅਟਵਾਲ, ਬਲਵਿੰਦਰ ਸਿੰਘ ਪੱਟੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਇੰਗਲੈਂਡ ਵਿਖੇ ਸਿਰਪਾਓ ਦੀ ਬਖਸਿਸ਼ ਨਾਲ ਉਨ੍ਹਾਂ ਦੀਆਂ ਖਾਲਸਾ ਪੰਥ ਪ੍ਰਤੀ ਚੰਗੀਆਂ ਸੇਵਾਵਾਂ ਸਦਕਾ ਵਿਸੇਸ਼ ਸਨਮਾਨ ਦੇ ਕੇ ਨਿਵਾਜਿਆ।
ਇਸ ਮੌਕੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਿੱਖ ਕੌਮ ਅਤੇ ਪੰਜਾਬ ਨੂੰ ਸਮਰਪਿਤ ਹੈ ਤੇ ਆਖਰੀ ਸਾਹਾ ਤੱਕ ਉਹ ਕੌਮ ਦੀ ਅਵਾਜ਼ ਬਣਕੇ ਆਪਣਾ ਯੋਗਦਾਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਪਾਉਂਦੇ ਰਹਿਣਗੇ। ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਦੇਸ਼ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਨਜਰੀਆ ਬਦਲਣ ਲਈ ਬਹੁਤ ਕੁੱਝ ਚੰਗਾ ਕਰਨ ਦੀ ਬੇਹੱਦ ਲੋੜ ਹੈ। ਹਰ ਕੋਈ ਚਾਹੁੰਦਾ ਹੈ ਕਿ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਰ ਪੱਖੋ ਮਜ਼ਬੂਤ ਹੋਵੇ।
ਕਰਨੈਲ ਸਿੰਘ ਪੀਰਮੁਹੰਮਦ ਨੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਵੀ ਮੁਲਾਕਾਤਾਂ ਕੀਤੀਆਂ ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਾਡੀ ਨੌਜਵਾਨ ਪੀੜੀ ਨੂੰ ਉਚ ਪੜ੍ਹਾਈ ਪੰਜਾਬ ਵਿੱਚ ਰਹਿ ਕੇ ਕਰਨੀ ਬੇਹੱਦ ਜ਼ਰੂਰੀ ਹੈ, ਉਸ ਤੋ ਬਾਅਦ ਹਾਇਰ ਐਜੂਕੇਸ਼ਨ ਲੈਣ ਦੇ ਨਾਲ-ਨਾਲ ਹੁਨਰਮੰਦ ਹੋਣਾ ਬੇਹੱਦ ਜ਼ਰੂਰੀ ਹੈ। ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ 18 ਜੂਨ ਨੂੰ ਬਰਮਿੰਘਮ ਵਿਖੇ ਅਕਾਲੀ ਵਰਕਰਾਂ ਤੇ ਅਹੁੱਦੇਦਾਰਾਂ ਦੀ ਮੀਟਿੰਗ ਲੈਣਗੇ ਜਿਸ ਵਿੱਚ ਸਾਰਿਆਂ ਦੇ ਸੁਝਾਅ ਲੈਣਗੇ।