‘ਕਦੇ ਆਵੀਂ ਇਟਲੀ’ ਗੀਤ ਰਾਹੀਂ ਫਰਾਜ਼ ਨੇ ਕੀਤੇ ਇਟਲੀ ਦੀ ਖੂਬਸੂਰਤੀ ਦੇ ਚਰਚੇ (ਵੀਡੀਓ)

Wednesday, Jun 09, 2021 - 04:12 PM (IST)

‘ਕਦੇ ਆਵੀਂ ਇਟਲੀ’ ਗੀਤ ਰਾਹੀਂ ਫਰਾਜ਼ ਨੇ ਕੀਤੇ ਇਟਲੀ ਦੀ ਖੂਬਸੂਰਤੀ ਦੇ ਚਰਚੇ (ਵੀਡੀਓ)

ਮਿਲਾਨ, ਇਟਲੀ (ਸਾਬੀ ਚੀਨੀਆ)– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਇਟਲੀ ਦੀ ਖੂਬਸੂਰਤੀ ਦਾ ਗਿਆਨ ਚੰਗੀ ਤਰ੍ਹਾ ਹੋਵੇਗਾ, ਸ਼ਾਇਦ ਇਸੇ ਲਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਵਿਆਹ ਦੀਆਂ ਰਸਮਾਂ ਲਈ ਇਟਲੀ ਨੂੰ ਚੁਣਿਆ ਸੀ। ਦੁਨੀਆ ਭਰ ਦੇ ਅਮੀਰ ਲੋਕਾਂ ਦੇ ਵਿਆਹ ਅਕਸਰ ਇਟਲੀ ’ਚ ਹੀ ਹੁੰਦੇ ਹਨ। ਇਟਲੀ ਦੀ  ਖੂਬਸੂਰਤੀ ਦੇ ਰੰਗਾਂ ਨੂੰ ਪੰਜਾਬੀ ਗਾਇਕ ਫਰਾਜ਼ ਨੇ ਇਕ ਗੀਤ ਰਾਹੀ ਲੋਕਾਂ ਸਾਹਮਣੇ ਪੇਸ਼ ਕਰਕੇ ਪੂਰੀ ਵਾਹ-ਵਾਹੀ ਖੱਟੀ ਹੈ।

ਫਰਾਜ਼ ਨੇ ਆਪਣੇ ਗੀਤ ‘ਕਦੇ ਆਵੀਂ ਇਟਲੀ’ ’ਚ ਇਟਲੀ ਦੇ ਪਾਣੀ ਵਾਲੇ ਸ਼ਹਿਰ ਵੈਨਿਸ ਤੋਂ ਲੈ ਕੇ ਰੋਮ ਕਲੋਸੀਓ ਦਾ ਜ਼ਿਕਰ ਤਾਂ ਬਾਖੂਬੀ ਕੀਤਾ ਹੀ ਹੈ, ਨਾਲ ਹੀ ਉਸ ਨੇ ਇਟਲੀ ਦੀ ਮਸ਼ਹੂਰ ਗੱਡੀ ਫਰਾਰੀ ਤੋ ਲੈ ਕੇ ਖਾਣ ਵਾਲੇ ਨੂਡਲਜ਼ (ਪਾਸਤਾ), ਪਿੱਜ਼ਾ ਸਮੇਤ ਲੋਕਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਦਾ ਜ਼ਿਕਰ ਕਰਕੇ ਗੀਤ ਨੂੰ ਦੁਨੀਆ ਭਰ ’ਚ ਵੱਸਦੇ ਸੰਗੀਤ ਪ੍ਰੇਮੀਆਂ ਤੱਕ ਪੁੱਜਦਾ ਕੀਤਾ ਹੈ। ਇਟਲੀ ਦੀ ਖੂਬਸੂਰਤੀ ਨੂੰ ਬਿਆਨ ਕਰਦੇ ਇਸ ਗੀਤ ਨੂੰ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਖੂਬ ਸੁਣਿਆ ਜਾ ਰਿਹਾ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਤੋਂ ਛੇ ਸਾਲ ਪਹਿਲਾਂ ‘ਜਗ ਬਾਣੀ’ ਟੀ. ਵੀ. ਨੇ ਫ਼ਰਾਜ਼ ਦੇ ‘ਮਾਂ’ ਗੀਤ ਨੂੰ ਆਪਣੇ ਪੇਜ ਤੋਂ ਸਾਂਝਾ ਕੀਤਾ ਸੀ, ਜਿਸ ਨੂੰ ਸੰਗੀਤ ਪ੍ਰੇਮੀਆਂ ਵਲੋਂ ਮਿਲੇ ਪਿਆਰ ਸਦਕਾ ਹੀ ਅੱਜ ਫਿਰ ਫਰਾਜ਼ ਇਕ ਸਫਲ ਗਾਇਕ ਬਣ ਸਕਿਆ ਹੈ। ਇਟਲੀ ਜਾਂ ਯੂਰਪ ਦੇ ਹੋਰ ਦੂਜੇ ਦੇਸ਼ਾਂ ’ਚ ਜਦੋਂ ਪੰਜਾਬ ਤੋਂ ਗਾਇਕ ਸਟੇਜ ਪ੍ਰੋਗਰਾਮ ਲਾਉਣ ਲਈ ਆਉਂਦੇ ਹਨ ਤਾਂ ਉਨ੍ਹਾਂ ਲਈ ਵੀ ਫਰਾਜ਼ ਇਕ ਬੜੀ ਵੱਡੀ ਭੂਮਿਕਾ ਅਦਾ ਕਰਦਾ ਹੈ।

ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਕਦੇ ਆਵੀਂ ਇਟਲੀ’ ਗੀਤ ਨੂੰ ਗੀਤਕਾਰ ਜਿੰਦਰ ਕੰਗ ਨੇ ਲਿਖਿਆ ਹੈ ਤੇ ਇਸ ਨੂੰ ਸੰਗੀਤਬੱਧ ਮਨਿੰਦਰ ਮਾਨ ਨੇ ਕੀਤਾ ਹੈ। ਫਰਾਜ਼ ਦੀ ਸੁਰੀਲੀ ਆਵਾਜ਼ ’ਚ ਪਰੋਏ ਇਸ ਗੀਤ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


author

Rahul Singh

Content Editor

Related News