ਕਾਬੁਲ ਹਮਲਿਆਂ ਕਾਰਨ ਅੱਤਵਾਦ ਖ਼ਿਲਾਫ਼ ਮਜ਼ਬੂਤੀ ਨਾਲ ਇਕਜੁੱਟ ਹੋਵੇਗੀ ਦੁਨੀਆ: ਭਾਰਤ

Friday, Aug 27, 2021 - 03:12 PM (IST)

ਸੰਯੁਕਤ ਰਾਸ਼ਟਰ (ਭਾਸ਼ਾ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੂੰ ਕਿਹਾ ਹੈ ਕਿ ਹਮਲੇ ਅੱਤਵਾਦ ਅਤੇ ਅੱਤਵਾਦੀਆਂ ਨੂੰ ਪਨਾਹ ਮੁਹੱਈਆ ਕਰਾਉਣ ਵਾਲਿਆਂ ਖ਼ਿਲਾਫ਼ ਵਿਸ਼ਵ ਦੇ ਇਕਜੁੱਟ ਹੋ ਕੇ ਖੜ੍ਹੇ ਹੋਣ ਦੀ ਜ਼ਰੂਰਤ ਨੂੰ ਮਜ਼ਬੂਤ ਕਰਦੇ ਹਨ। 2 ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਨੇ ਕਾਬੁਲ ਦੇ ਹਵਾਈ ਅੱਡੇ ’ਤੇ ਅਫ਼ਗਾਨਾਂ ਦੀ ਭੀੜ ’ਤੇ ਵੀਰਵਾਰ ਨੂੰ ਹਮਲਾ ਕੀਤਾ, ਜਿਸ ਵਿਚ ਘੱਟ ਤੋਂ ਘੱਟ 95 ਅਫ਼ਗਾਨ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ।

ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਰਾਜਦੂਤ ਟੀ.ਐਸ. ਤਿਰੂਮੂਰਤੀ ਨੇ ਵੀਰਵਾਰ ਨੂੰ ਕਿਹਾ, ‘ਮੈਂ ਕਾਬੁਲ ਵਿਚ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਅਸੀਂ ਇਸ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।’ ਇਥੋਪੀਆ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੀ ਬ੍ਰੀਫਿੰਗ ਵਿਚ ਤਿਰੂਮੂਰਤੀ ਨੇ ਕਿਹਾ ਕਿ ਕਾਬੁਲ ਵਿਚ ਹੋਏ ਹਮਲੇ ‘ਅੱਤਵਾਦ ਅਤੇ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲੇ ਸਾਰੇ ਲੋਕਾਂ ਖ਼ਿਲਾਫ਼ ਇਕਜੁੱਟ ਹੋਣ ਦੀ ਵਿਸ਼ਵ ਦੀ ਜ਼ਰੂਰਤ ਨੂੰ ਮਜ਼ਬੂਤ ਕਰਦੇ ਹਨ।’

ਇਹ ਵੀ ਪੜ੍ਹੋ: IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ

ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ (ਆਈ.ਐਸ.ਕੇ.ਪੀ.) ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਬੁਲ ਵਿਚ ਹੋਏ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਜਾਨ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਬਾਈਡੇਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ‘ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਣ ਵਾਲੇ ਧਿਆਨ ਰੱਖਣ ਕਿ ਅਸੀਂ ਤੁਹਾਨੂੰ ਬਖ਼ਸ਼ਾਂਗੇ ਨਹੀਂ। ਅਸੀਂ ਇਸ ਨੂੰ ਭੁੱਲਾਂਗੇ ਨਹੀਂ। ਅਸੀਂ ਤੁਹਾਨੂੰ ਫੜ ਕੇ ਇਸ ਦੀ ਸਜ਼ਾ ਦੇਵਾਂਗੇ। ਮੈਂ ਆਪਣੇ ਦੇਸ਼ ਦੇ ਹਿੱਤਾਂ ਅਤੇ ਲੋਕਾਂ ਦੀ ਰੱਖਿਆ ਕਰਾਂਗਾ।’

ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News